ਡਾ. ਜੌਹਲ ਦਾ 98ਵਾਂ ਜਨਮ ਦਿਹਾੜਾ ਮਨਾਇਆ
ਉੱਘੇ ਅਰਥ ਸ਼ਾਸਤਰੀ, ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਦਾ 98ਵਾਂ ਜਨਮ ਦਿਹਾੜਾ ਉਨ੍ਹਾਂ ਦੇ ਗੁਰਦੇਵ ਨਗਰ ਨਿਵਾਸ ਵਿੱਚ ਲੇਖਕਾਂ, ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ, ਕੁਸ਼ਲ ਪ੍ਰਸ਼ਾਸਕਾਂ ਤੇ ਕਲਾਕਾਰਾਂ ਵੱਲੋਂ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਡਾ. ਜੌਹਲ ਕੋਲ ਬੈਠ ਕੇ ਹਮੇਸ਼ਾਂ ਜ਼ਿੰਦਗੀ ਦਾ ਕੋਈ ਨਵਾਂ ਨੁਕਤਾ ਹੀ ਮਿਲਦਾ ਹੈ। ਕੇ ਕੇ ਬਾਵਾ ਨੇ ਕਿਹਾ ਕਿ ਡਾ. ਜੌਹਲ ਸ਼ਹਿਰ ਦੇ ਸਭ ਤੋਂ ਸੰਘਣੇ ਤੇ ਘਣਛਾਵੇਂ ਬਿਰਖ ਹਨ। ਤੇਜ ਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਚਾਲੀ ਸਾਲਾਂ ਤੋਂ ਹਰ ਖੇਤਰ ਵਿੱਚ ਡਾ. ਜੌਹਲ ਤੋਂ ਮਿਲੀ ਸਰਪ੍ਰਸਤੀ ਸਾਡਾ ਹਾਸਲ ਹੈ। ਰਣਜੋਧ ਸਿੰਘ ਨੇ ਕਿਹਾ ਕਿ ਡਾ. ਜੌਹਲ ਨੇ ਉਨ੍ਹਾਂ ਨੂੰ ਪੁੱਤਰ ਦੀ ਤਰ੍ਹਾਂ ਨਾਲ ਨਾਲ ਰੱਖਿਆ। ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਡਾ. ਜੌਹਲ ਨੇ ਮਾਲੀ ਵਾਂਗ ਆਪਣੇ ਵਿਦਿਆਰਥੀ ਰੂਪੀ ਫੁੱਲਾਂ ਨੂੰ ਹਰ ਕਦਮ ’ਤੇ ਸੰਭਾਲਿਆ। ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਡਾ. ਜੌਹਲ ਸਹਿਜ ਤੋਰ ਤੁਰਦੇ ਦਰਿਆ ਵਰਗੇ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਵਿਜੈ ਅਸਧੀਰ, ਕਰਨਲ ਅਮਰਜੀਤ ਸਿੰਘ, ਰਵਿੰਦਰ ਸਿੰਘ ਰੰਗੂਵਾਲ, ਡਾ. ਬ੍ਰਿਜ ਭੂਸ਼ਨ ਗੋਇਲ, ਗੁਰਮੀਤ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਕੁਲਵਿੰਦਰ ਕੌਰ ਮਿਨਹਾਸ, ਕੁਲਵਿੰਦਰ ਸਿੰਘ ਵਾਲੀਆ ਸਮੇਤ ਹੋਰ ਪਤਵੰਤੇ ਸ਼ਾਮਲ ਸਨ। ਸਭ ਸ਼ੁਭਚਿੰਤਕਾਂ ਨੇ ਡਾ. ਜੌਹਲ ਦੀ ਲੰਬੀ ਉਮਰ ਦੀ ਦੁਆ ਕੀਤੀ। ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਹਾਲੀਆ ਫੇਰੀ ਦੌਰਾਨ ਡਾ. ਜੌਹਲ ਦੀ ਜਨਮ ਭੂਮੀ ਲਾਇਲਪੁਰ (ਪਾਕਿਸਤਾਨ) ਤੋਂ ਵਿਸ਼ੇਸ਼ ਤੌਰ ’ਤੇ ਲਿਆਂਦੇ ਗੁੜ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸ਼੍ਰੀ ਸੰਧੂ ਅਤੇ ਡਾ. ਮਿਨਹਾਸ ਨੇ ਨਵੀਆਂ ਲਿਖੀਆਂ ਕਿਤਾਬਾਂ ਡਾ. ਜੌਹਲ ਨੂੰ ਭੇਂਟ ਕੀਤੀਆਂ। ਗਿਆਨ ਅੰਜਨ ਸਕੂਲ ਸਲੇਮ ਟਾਬਰੀ ਦੇ ਬਾਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਦਾ ਪਾਠ ਕੀਤਾ। ਸਾਰਿਆਂ ਦਾ ਧੰਨਵਾਦ ਕਰਦਿਆਂ ਡਾ. ਜੌਹਲ ਨੇ ਕਿਹਾ ਕਿ ਏਨਾ ਜ਼ਿਆਦਾ ਪਿਆਰ ਉਨ੍ਹਾਂ ਨੂੰ ਡੋਲਣ ਨਹੀਂ ਦਿੰਦਾ। ਡਾ. ਜੌਹਲ ਦੇ ਪੁੱਤਰ ਜਨਮੇਜਾ ਸਿੰਘ ਜੌਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ।