ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਦਰਜਨਾਂ ਆਗੂ ‘ਆਪ’ ’ਚ ਸ਼ਾਮਲ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਜੂਨ
ਲੁਧਿਆਣਾ ਵਿਧਾਨਸਭਾ ਪੱਛਮੀ ਦੀ ਜ਼ਿਮਨੀ ਚੋਣ ਤੋਂ ਪਹਿਲਾਂ ‘ਆਪ’ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਦੇ ਨਾਲ ਹੀ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸ਼ੁਕਰਵਾਰ ਨੂੰ ਇਨ੍ਹਾਂ ਪਾਰਟੀਆਂ ਦੇ ਦਰਜਨਾਂ ਆਗੂ ਅਤੇ ਵਰਕਰ ‘ਆਪ’ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਸ਼ਿਵ ਸੇਨਾ (ਊਧਵ ਠਾਕਰੇ) ਪਾਰਟੀ ਦੇ ਸੂਬਾ ਪ੍ਰਧਾਨ ਯਸ਼ਪਾਲ ਸ਼ਰਮਾ ਅਤੇ ਬੁਲਾਰੇ ਚੰਦਰ ਕਾਂਤ ਚੱਢਾ ਨੇ ਆਪਣੀ ਪਾਰਟੀ ਵਲੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਅਤੇ ਆਪ ਆਗੂ ਡਾ. ਸਨੀ ਆਹਲੂਵਾਲੀਆ ਦੀ ਮੌਜੂਦਗੀ ਵਿੱਚ ਰਸਮੀ ਤੌਰ ’ਤੇ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ‘ਆਪ’ ਪਰਿਵਾਰ ਵਿੱਚ ਸਵਾਗਤ ਕੀਤਾ। ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਵਾਰਡ ਨੰਬਰ 69 ਤੋਂ ਦਿਵੇਸ਼ ਮੱਕੜ, ਸਾਬਕਾ ਯੂਥ ਕਾਂਗਰਸ ਦੇ ਜਨਰਲ ਸੱਕਤਰ ਕੇਕੇ ਦਿਗਲੀ, ਅਸ਼ੋਕ ਕਾਡਾ,ਨੀਰਜ ਕਾਂਡਾ, ਸੁਮੀਤ ਅਰੋੜਾ, ਰਾਕੇਸ਼ ਜੈਨ, ਹਰਦੀਪ ਕੌਰ,ਰੇਣੂ ਗੌਤਮ,ਤਨਵੀਰ ਸਿੰਘ, ਸਾਧੂ ਸਿੰਘ, ਸਰਦਾਰ ਜਸਵਿੰਦਰ ਸਿੰਘ, ਸਰਦਾਰ ਸੁਖਪਾਲ ਸਿੰਘ, ਸਰਦਾਰ ਕੁਲਦੀਪ ਸਿੰਘ ਸ਼ਾਮਲ ਹਨ।
ਦੂਜੇ ਪਾਸੇ ਲੁਧਿਆਣਾ ਦੇ ਨਾਮੀ ਬਿਲਡਰ ਅਤੇ ਅਕਾਲੀ ਦਲ ਦੇ ਆਗੂ ਰਮਨ ਕੁਮਾਰ ਸਾੰਗਰ ਵੀ ਆਪਣੇ ਸਾਥੀ ਗੁਰੂਜਗਦੀਪ ਸਿੰਘ, ਹਰਪ੍ਰੀਤ ਸਿੰਘ ਰੰਧਾਵਾ, ਜਸਦੀਪ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ, ਜਤਿੰਦਰ ਸਿੰਘ, ਹਰਜਿੰਦਰ ਸਿੰਘ,ਸੰਤੋਖ ਸਿੰਘ,ਅਮਨਦੀਪ ਸਿੰਘ, ਗੁਰਮੇਲ ਸਿੰਘ, ਮੁਹੰਮਦ ਤਾਰਿਕ, ਬਲਰਾਜ ਗਰੇਵਾਲ, ਸੁਖਵਿੰਦਰ ਗਰੇਵਾਲ, ਚੰਨਪ੍ਰੀਤ, ਗਗਗਨ ਕਨੌਜੀਆ, ਗਗਨ, ਆਕਾਸ਼, ਨੂਰ ਅਤੇ ਸ਼ਮਸ਼ੇਰ ਦੇ ਨਾਲ ‘ਆਪ’ ਵਿੱਚ ਸ਼ਾਮਿਲ ਹੋਏ। ਇਸ ਤੋਂ ਇਲਾਵਾ, ਮਨਜੀਤ ਸਿੰਘ ਧਾਲੀਵਾਲ (ਵਾਰਡ 56), ਰਣਦੀਪ ਸਿੰਘ ਬੰਬੇ (ਵਾਰਡ 54) ਜਸਵਿੰਦਰ ਕੌਰ, ਕਾਮਨੀ ਸਾਗਰ ਵੀ ‘ਆਪ’ ’ਚ ਸ਼ਾਮਲ ਹੋਏ। ਭਾਜਪਾ ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਕਿਰਨਦੀਪ ਕੌਰ, ਅਨੁ (ਮੀਤ ਪ੍ਰਧਾਨ ਮਹਿਲਾ ਮੋਰਚਾ), ਸਿਮਰਨ (ਮੀਤ ਪ੍ਰਧਾਨ ਮਹਿਲਾ ਮੋਰਚਾ), ਸਰਬਜੀਤ ਕੌਰ (ਮੀਤ ਪ੍ਰਧਾਨ ਮਹਿਲਾ ਮੋਰਚਾ), ਸੁਨੀਤਾ (ਕੈਸ਼ੀਅਰ) ਦੇ ਨਾਲ ਰਮਨਦੀਪ, ਭਾਵਿਕਾ, ਲਵਲੀ ਗੁਪਤਾ, ਉਰਮਿਲਾ, ਵੀਨਾ ਰਾਣੀ, ਕੁਲਵਿੰਦਰ, ਮਨਜੀਤ, ਕਿਰਨ, ਕੁਲਜੀਤ ਨੇ ਵੀ ‘ਆਪ’ ਦਾ ਪੱਲਾ ਫੜਿਆ। ਸ਼ਾਮਲ ਹੋਏ ਸਾਰੇ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ‘ਆਪ’ ਸਰਕਾਰ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ‘ਆਪ’ ਸਰਕਾਰ ਪ੍ਰਤੀ ਵਿਸ਼ਵਾਸ ਲਗਾਤਾਰ ਵਧ ਰਿਹਾ ਹੈ। ਹਰ ਵਰਗ ਅਤੇ ਸਮਾਜ ਦੇ ਲੋਕ ਪਾਰਟੀ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ ਅਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਵਿੱਚ ’ਆਪ’ ਦੀ ਲਹਿਰ ਹੈ। ਆਪ ਉਮੀਦਵਾਰ ਦੀ ਜਿਮਨੀ ਚੋਣ ਵਿੱਚ ਵੱਡੇ ਫਰਕ ਨਾਲ ਜਿੱਤ ਹੋਵੇਗੀ।