ਦੋਹਰੀ ਮਾਰ: ਦੁੱਗਣੇ ਮੁੱਲ ’ਤੇ ਵਿਕ ਰਹੀਆਂ ਨੇ ਤਰਪਾਲਾਂ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਸ਼ ਕਾਰਨ ਲੋਕ ਭਾਰੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਦੂਸਰੇ ਪਾਸੇ ਅਜਿਹੇ ਹਾਲਾਤਾਂ ਨਾਲ ਜੂਝ ਰਹੇ ਲੋਕਾਂ ਦਾ ਦੁਕਾਨਦਾਰਾਂ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਹਲਕੇ ਦੇ ਪਿੰਡ ਡੱਲਾ ਦਾ ਇੱਕ ਲੋੜਵੰਦ ਇੱਥੇ ਸ਼ਹਿਰ ਵਿੱਚ ਮੀਂਹ ਕਾਰਨ ਚੋਂਦੇ ਅਤੇ ਡਿੱਗਣ ਦੀ ਕਗਾਰ ’ਤੇ ਘਰ ਲਈ ਇੱਕ ਤਰਪਾਲ ਖਰੀਦਣ ਲਈ ਆਇਆ। ਉਸ ਨੇ ਵੀਡੀਓ ਰਾਹੀਂ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਲਗਾਤਾਰ ਮੀਂਹ ਪੈਣ ਨਾਲ ਉਸ ਦੇ ਘਰ ਦੀ ਮਾੜੀ ਹਾਲਤ ਹੋਣ ਕਾਰਨ ਉਹ ਚੋਣ ਲੱਗ ਪਿਆ। ਛੱਤ ’ਤੇ ਪਾਉਣ ਲਈ ਉਹ ਬਾਜ਼ਾਰ ਵਿੱਚੋਂ ਤਰਪਾਲ ਲੈਣ ਲਈ ਆਇਆ ਸੀ ਪਰ ਜਿਹੜੀ ਤਰਪਾਲ ਉਸ ਨੂੰ ਹੜ੍ਹਾਂ ਤੋਂ ਪਹਿਲਾਂ 90 ਰੁਪਏ ਪ੍ਰਤੀ ਕਿੱਲੋਂ ਦੀ ਮਿਲੀ ਸੀ ਅੱਜ ਉਹੀ ਤਰਪਾਲ ਉਸ ਨੂੰ 180 ਰੁਪਏ ਦੀ ਖਰੀਦਣੀ ਪਈ ਹੈ।
ਵੀਡੀਓ ਰਾਹੀਂ ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰ ਰਹੇ ਅਤੇ ਮਾੜੇ ਵਕਤ ਦੇ ਝੰਬੇ ਲੋਕਾਂ ਦੀ ਲੁੱਟ ਖਸੁੱਟ ਬੰਦ ਕਰਵਾਈ ਜਾਵੇ। ਇਸ ਘਟਨਾਂ ਤੋਂ ਇਲਾਵਾ ਰਾਸ਼ਨ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧੇ ਦੀਆਂ ਖਬਰਾਂ ਮਿਲ ਰਹੀਆਂ ਹਨ। ਸਮਾਜ ਸੇਵੀ ਬਲਦੀਪ ਸਿੰਘ, ਕੁਲਦੀਪ ਸਿੰਘ ਰੰਧਾਵਾ, ਗੁਲਵੰਤ ਸਿੰਘ, ਰਤੇਜ ਸਿੰਘ ਨੇ ਲੋਕਾਂ ਦੀ ਹੋ ਰਹੀ ਲੁੱਟ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ: ਐੱਸਡੀਐੱਮ
ਉਪ-ਮੰਡਲ ਮੈਜਿਸਟਰੇਟ ਕਰਨਜੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ਉਹ ਖ਼ੁਦ ਇਸ ਸਮੱਸਿਆ ਵੱਲ ਧਿਆਨ ਦੇਣਗੇ। ਉਨ੍ਹਾਂ ਆਖਿਆ ਕਿ ਕੁੱਦਰਤੀ ਕਰੋਪੀ ਦੌਰਾਨ ਕਿਸੇ ਨੂੰ ਵੀ ਲੋੜਵੰਦ ਲੋਕਾਂ ਦੀ ਲੁੱਟ ਖਸੁੱਟ ਨਹੀਂ ਕਰਨ ਦਿੱਤੀ ਜਾਵੇਗੀ।