ਡੋਪ ਟੈਸਟ: ‘ਆਪ’ ਆਗੂ ’ਤੇ ਗ਼ਲਤ ਰਿਪੋਰਟ ਬਣਾਉਣ ਲਈ ਦਬਾਅ ਪਾਉਣ ਦਾ ਦੋਸ਼
ਪਿਛਲੇ ਦਿਨਾਂ ਤੋਂ ਸਥਾਨਕ ਸਿਵਲ ਹਸਪਤਾਲ ’ਚ ਡੋਪ ਟੈਸਟ ਨੂੰ ਲੈ ਕੇ ਵਿਵਾਦ ਪੂਰਾ ਭਖਿਆ ਹੋਇਆ ਹੈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਨੇ ਕੁੱਝ ਦਿਨ ਪਹਿਲਾਂ ਆਪਣੀ ਈ-ਮੇਲ ਆਈ ਡੀ ਰਾਹੀਂ ਅਤੇ ਫਿਰ ਲਿਖਤੀ ਰੂਪ ਵਿੱਚ ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਨੂੰ ਸ਼ਿਕਾਇਤ ਕਰਦਿਆਂ ਦੋਸ਼ ਲਗਾਏ ਹਨ ਕਿ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਅਤਿ ਨੇੜਲੇ ਸਾਜਨ ਮਲਹੋਤਰਾ ਨੇ ਇੱਕ ਵਿਅਕਤੀ ਦੇ ਡੋਪ ਟੈਸਟ ਦੀ ਨੈਗੇਟਿਵ ਰਿਪੋਰਟ ਤਿਆਰ ਕਰਨ ਲਈ ਉਨ੍ਹਾਂ ’ਤੇ ਦਬਾਅ ਪਾਇਆ ਤੇ ਧਮਕੀਆਂ ਵੀ ਦਿੱਤੀਆਂ। ਹਾਲੇ ਇਸ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ‘ਆਪ’ ਆਗੂ ਸਾਜਨ ਮਲਹੋਤਰਾ ਨੇ ਸਿਵਲ ਸਰਜਨ ਲੁਧਿਆਣਾ ਨੂੰ ਡਾ. ਹਰਜੀਤ ਸਿੰਘ ਖ਼ਿਲਾਫ਼ ਸ਼ਿਕਾਇਤ ਦੇ ਦਿੱਤੀ ਕਿ ਡਾ. ਹਰਜੀਤ ਨੇ ਉਸ ਨਾਲ ਮਾੜਾ ਵਿਵਹਾਰ ਕੀਤਾ ਹੈ ਤੇ ਡੋਪ ਟੈਸਟ ਨੈਗੇਟਿਵ ਰਿਪੋਰਟ ਨਸ਼ਰ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਹੈ। ਡਾ. ਹਰਜੀਤ ਨੇ ਐੱਸਐੱਸਪੀ ਅੰਕੁਰ ਗੁਪਤਾ ਤੋਂ ਇਲਾਵਾ ਉਕਤ ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਹੈ। ਦੂਜੇ ਪਾਸੇ ਸਾਜਨ ਮਲਹੋਤਰਾ ਦੀ ਸ਼ਿਕਾਇਤ ’ਤੇ ਸਿਵਲ ਸਰਜਨ ਲੁਧਿਆਣਾ ਨੇ ਪੜਤਾਲੀ ਟੀਮ ਕਾਇਮ ਕਰਕੇ ਡਾ. ਹਰਜੀਤ ਸਿੰਘ ਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਡਾ. ਹਰਜੀਤ ਸਿੰਘ ਨੂੰ ਚੰਗੀਆਂ ਸੇਵਾਵਾਂ ਬਦਲੇ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।
ਮੇਰਾ ਇਸ ਵਿਵਾਦ ਨਾਲ ਕੋਈ ਵਾਸਤਾ ਨਹੀਂ: ਮਾਣੂੰਕੇ
ਇਸ ਮਾਮਲੇ ਬਾਰੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਕਦੇ ਕਿਸੇ ਵੀ ਕੰਮ ਲਈ ਡਾ. ਹਰਜੀਤ ਸਿੰਘ ਨੂੰ ਫੋਨ ਨਹੀਂ ਕੀਤਾ ਤੇ ਉਨ੍ਹਾਂ ਦਾ ਉਕਤ ਵਿਵਾਦ ਨਾਲ ਕੋਈ ਵਾਸਤਾ ਨਹੀਂ ਹੈ।
ਪਹਿਆਂ ਵੀ ਉਠਿਆ ਸੀ ਗ਼ਲਤ ਡੋਪ ਟੈਸਟਾਂ ਦਾ ਮੁੱਦਾ
ਇੱਥੇ ਜਿਕਰ ਕਰਨਾ ਜਰੂਰੀ ਹੈ ਕਿ ਇਸ ਵਿਵਾਦ ਤੋਂ ਪਹਿਲਾਂ ਜਦੋਂ ਡਾ.ਪ੍ਰਦੀਪ ਮਹਿੰਦਰਾ ਐਸ.ਐਮ.ਓ ਸਨ।ਉਸ ਸਮੇਂ ਵੀ ਡੋਪ ਟੈਸਟਾਂ ਵਿੱਚ ਘਪਲੇਬਾਜ਼ੀ ਦਾ ਮੁੱਦਾ ਉੱਠਿਆ ਸੀ। ਜਿਸ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਵਲ ਹਸਪਤਾਲ ਵਿੱਚ ਨਵੇਂ ਬਣੇ ਜੱਚਾ-ਬੱਚਾ ਕੇਂਦਰ ਦਾ ਉਦਘਾਟਨ ਕਰਨ ਲਈ ਆਏ ਸਨ। ਉਸ ਦਿਨ ਉਕਤ ਮੁੱਦਾ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।