ਸੰਤੋਖ ਗਿੱਲਗੁਰੂਸਰ ਸੁਧਾਰ, ਮੁੱਲਾਂਪੁਰ-ਦਾਖਾ, 19 ਜਨਵਰੀਹਸਨਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕੁੱਤਿਆਂ ਦੇ ਹਮਲਿਆਂ ਕਾਰਨ ਫੈਲੀ ਦਹਿਸ਼ਤ ਕਾਰਨ ਲੋਕਾਂ ਦਾ ਜੀਵਨ ਡਰ ਵਿੱਚੋਂ ਲੰਘ ਰਿਹਾ ਹੈ। ਇਨ੍ਹਾਂ ਕੁੱਤਿਆਂ ਦੇ ਹਮਲੇ ਕਾਰਨ ਮਾਰੇ ਗਏ 11 ਸਾਲਾਂ ਦੇ ਹਰਸੁਖਪ੍ਰੀਤ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਇਥੇ ਗੁਰਦੁਆਰਾ ਸਾਹਿਬ ਵਿੱਚ ਪਾਇਆ ਗਿਆ। ਇਸ ਮੌਕੇ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵੱਲੋਂ ਕਰਨਦੀਪ ਸਿੰਘ ਐੱਸ.ਡੀ.ਐੱਮ ਜਗਰਾਉਂ, ਵਰਿੰਦਰ ਸਿੰਘ ਖੋਸਾ ਉਪ ਪੁਲੀਸ ਕਪਤਾਨ ਦਾਖਾ, ਇੰਸਪੈਕਟਰ ਅੰਮ੍ਰਿਤਪਾਲ ਸਿੰਘ ਥਾਣਾ ਦਾਖਾ ਦੇ ਮੁਖੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਵੱਲੋਂ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੀ ਕੀਤੀ ਮੰਗ ਬਾਰੇ ਐੱਸ.ਡੀ.ਐੱਮ ਕਰਨਦੀਪ ਸਿੰਘ ਨੇ ਭਰੋਸਾ ਦਿੱਤਾ ਕਿ ਪਿੰਡ ਵਾਸੀਆਂ ਦੀ ਮੰਗ ਸੂਬਾ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ ਅਤੇ ਜੋ ਵੀ ਫ਼ੈਸਲਾ ਹੋਵੇਗਾ ਉਸ ਅਨੁਸਾਰ ਮੁਆਵਜ਼ਾ ਦੇ ਦਿੱਤਾ ਜਾਵੇਗਾ।ਇਸ ਮੌਕੇ ਭਾਕਿਯੂ (ਡਕੌਂਦਾ-ਧਨੇਰ) ਦੇ ਆਗੂ ਅਮਨਦੀਪ ਸਿੰਘ ਲਲਤੋਂ, ਜਗਰੂਪ ਸਿੰਘ ਹਸਨਪੁਰ ਅਤੇ ਬਲਵਿੰਦਰ ਸਿੰਘ ਗਹੌਰ ਸਮੇਤ ਇਲਾਕੇ ਦੀਆਂ ਪੰਚਾਇਤਾਂ ਅਤੇ ਹੋਰ ਪਤਵੰਤੇ ਵਿਅਕਤੀਆਂ ਦੀ ਅਗਵਾਈ ਹੇਠ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਉਪਰ ਧਰਨਾ ਦੇਣ ਲਈ ਪਹੁੰਚੇ ਸਨ ਪਰ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਹਸਨਪੁਰ ਪਿੰਡ ਦੇ ਰਾਹ ਨੇੜੇ ਸੜਕ ਦੇ ਕਿਨਾਰੇ ਰੋਸ ਧਰਨਾ ਦਿੱਤਾ, ਜੋ ਬਾਅਦ ਦੁਪਹਿਰ ਸਮਾਪਤ ਕਰ ਦਿੱਤਾ ਗਿਆ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਡਾਕਟਰ ਪ੍ਰਸ਼ੋਤਮ ਸਿੰਘ ਅਨੁਸਾਰ ਖ਼ੂੰਖ਼ਾਰ ਕੁੱਤਿਆਂ ਨੂੰ ਫੜਨ ਲਈ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਜੰਗਲੀ ਕੁੱਤਿਆਂ ਨੂੰ ਜੰਗਲ ਵਿੱਚ ਛੱਡਣ ਬਾਰੇ ਉੱਚ ਅਧਿਕਾਰੀਆਂ ਦੇ ਨਿਰਦੇਸ਼ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਆਵਾਰਾ ਕੁੱਤੇ ਵੱਲੋਂ ਜ਼ਖ਼ਮੀ ਕੀਤੇ ਬੱਚੇ ਦੀ ਸਰਜਰੀ ਹੋਈਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਨੇੜਲੇ ਪਿੰਡ ਸੈਂਸੋਵਾਲ ਖੁਰਦ ਵਿੱਚ ਬੀਤੇ ਕੱਲ੍ਹ ਇੱਕ ਆਵਾਰਾ ਕੁੱਤੇ ਵੱਲੋਂ ਜ਼ਖ਼ਮੀ ਕੀਤੇ ਡੇਢ ਸਾਲ ਦੇ ਬੱਚੇ ਦੀ ਅੱਜ ਇਥੇ ਸੀਐੱਮਸੀ ਲੁਧਿਆਣਾ ਵਿੱਚ ਸਰਜਰੀ ਕੀਤੀ ਗਈ ਹੈ। ਬੱਚੇ ਦੀ ਪਛਾਣ ਰਾਜਵੀਰ ਸਿੰਘ ਪੁੱਤਰ ਅਮਰ ਸਿੰਘ ਵਜੋਂ ਹੋਈ ਹੈ। ਕੁੱਤੇ ਨੇ ਬੱਚੇ ਦੇ ਮੂੰਹ ’ਤੇ ਵਾਰ ਕੀਤਾ ਸੀ, ਜਿਸ ਕਾਰਨ ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਹਾਲੇ ਰਾਜਵੀਰ ਹਸਪਤਾਲ ਵਿੱਚ ਹੀ ਇਲਾਜ ਅਧੀਨ ਹੈ। ਇਸ ਘਟਨਾ ਮਗਰੋਂ ਸੈਂਸੋਵਾਲ ਵਾਸੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਪ੍ਰਸ਼ਾਸਨ ਤੁਰੰਤ ਆਵਾਰਾ ਘੁੰਮਦੇ ਕੁੱਤਿਆਂ ਨੂੰ ਕਾਬੂ ਕਰੇ।ਹਸਪਤਾਲ ਵਿਚ ਜ਼ੇਰੇ ਇਲਾਜ ਰਾਜਵੀਰ ਸਿੰਘ।