ਦੀਵਾਲੀ ਨੂੰ ਲੈ ਕੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜਕਲ੍ਹ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਤਿਉਹਾਰ ਨੂੰ ਭਾਵੇਂ ਤਿੰਨ ਤੋਂ ਚਾਰ ਦਿਨ ਬਾਕੀ ਹਨ ਪਰ ਲੋਕਾਂ ਨੇ ਹੁਣ ਤੋਂ ਹੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਥੋਂ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ ਅਤੇ ਜਵਾਹਰ ਨਗਰ ਕੈਂਪ ਆਦਿ ਬਾਜ਼ਾਰ ਪੂਰੀ ਤਰ੍ਹਾਂ ਸਜੇ ਹੋਏ ਹਨ। ਇਸ ਦੌਰਾਨ ਬਾਜ਼ਾਰਾਂ ਦੇ ਨਾਲ ਲੱਗਦੀਆਂ ਸੜਕਾਂ ’ਤੇ ਟ੍ਰੈਫਿਕ ਜਾਮ ਵੀ ਲੱਗਣੇ ਸ਼ੁਰੂ ਹੋ ਗਏ ਹਨ। ਇਸ ਤੋਂ ਬਚਾਅ ਲਈ ਟ੍ਰੈਫਿਕ ਪੁਲੀਸ ਵੱਲੋਂ ਕਈ ਥਾਵਾਂ ’ਤੇ ਰੂਟਾਂ ਵਿੱਚ ਬਦਲਾਅ ਵੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਖਰੀਦਦਾਰੀ ਬਹੁਤ ਲੋਕ ਲੁਧਿਆਣਾ ਵਿੱਚ ਹੀ ਆਉਂਦੇ ਹਨ। ਇੱਥੇ ਨਾ ਸਿਰਫ ਸਜਾਵਟੀ ਸਮਾਨ, ਬਿਜਲਈ ਲੜੀਆਂ ਦੇ ਥੋਕ ਵਪਾਰੀ ਹਨ ਸਗੋਂ ਪਟਾਕਿਆਂ ਦੀਆਂ ਵੀ ਕਈ ਹੋਲ ਸੇਲ ਦੀਆਂ ਦੁਕਾਨਾਂ ਲੱਗਦੀਆਂ ਹਨ। ਦੀਵਾਲੀ ਦਾ ਤਿਉਹਾਰ ਜਿਉਂ ਜਿਉਂ ਨੇੜੇ ਆ ਰਿਹਾ ਹੈ ਬਾਜ਼ਾਰਾਂ ਵਿੱਚ ਰੌਣਕਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇੱਥੋਂ ਦੇ ਗੁੜ੍ਹ ਮੰਡੀ, ਚੌੜਾ ਬਾਜ਼ਾਰ ਵਿੱਚ ਘਰਾਂ ਨੂੰ ਸਜਾਉਣ ਵਾਲਾ ਸਾਮਾਨ ਥੋਕ ਦੇ ਭਾਅ ਖਰੀਦਣ ਵਾਲੇ ਵਪਾਰੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਲੁਧਿਆਣਾ ਦੀ ਬਿਜਲੀ ਮਾਰਕੀਟ ਵੀ ਬਿਜਲਈ ਲੜੀਆਂ ਲਈ ਮਸ਼ਹੂਰ ਹੈ। ਇੱਥੇ ਭਾਰਤ ਅਤੇ ਚੀਨ ਦੀਆਂ ਬਣੀਆਂ ਸੋਹਣੀਆਂ ਅਤੇ ਸਸਤੀਆਂ ਲੜੀਆਂ ਲੋਕਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਸ਼ਰਾਫਾ ਬਾਜ਼ਾਰ ਵਿੱਚ ਵੀ ਭੀੜ ਵਧੀ ਹੈ। ਕਈ ਕੱਪੜੇ ਅਤੇ ਜੁੱਤੀਆਂ ਦੇ ਵਪਾਰੀਆਂ ਵੱਲੋਂ ਦੀਵਾਲੀ ਦੇ ਤਿਓਹਾਰ ਨੂੰ ਲੈ ਕੇ ਅੱਧੋ ਅੱਧ ਭਾਅ ’ਤੇ ਸੇਲ ਲਾਈ ਹੋਈ ਹੈ। ਬਾਜ਼ਾਰਾਂ ਵਿੱਚ ਵਧੀਆ ਰੌਣਕਾਂ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਗੱਡੀਆਂ ਦੀ ਗਿਣਤੀ ਵੀ ਕਈ ਗੁਣਾਂ ਵਧ ਗਈ ਹੈ। ਗੱਡੀਆਂ ਦੇ ਵਧਣ ਨਾਲ ਹੁਣ ਲੁਧਿਆਣਾ ਦੀਆਂ ਸੜਕਾਂ ’ਤੇ ਵੀ ਜਾਮ ਲੱਗਣੇ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਜਾਮ ਤੋਂ ਛੁਟਕਾਰਾ ਦਿਵਾਉਣ ਦੇ ਮਕਸਦ ਨਾਲ ਟ੍ਰੈਫਿਕ ਪੁਲੀਸ ਵੱਲੋਂ ਵੀ ਕਈ ਨਵੇਂ ਤਜਰਬੇ ਕੀਤੇ ਜਾ ਰਹੇ ਹਨ।
+
Advertisement
Advertisement
Advertisement
Advertisement
×