ਅੱਜ ਇਥੋਂ ਦੇ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਨੇ ਹਿੱਸਾ ਲੈਂਦਿਆਂ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੌਕੇ ਬੱਚਿਆਂ ਨੇ ਲੋੜਵੰਦ ਲੋਕਾਂ ਨੂੰ ਕੱਪੜੇ, ਜੁੱਤੇ, ਕਾਪੀਆਂ, ਕਿਤਾਬਾਂ, ਸਟੇਸ਼ਨਰੀ ਅਤੇ ਮਠਿਆਈਆਂ ਆਦਿ ਦਾਨ ਕੀਤੇ। ਇਸੇ ਤਰ੍ਹਾਂ ਕਲਾਸ ਸਜਾਉਣ ਦੇ ਮੁਕਾਬਲੇ ਵਿੱਚ ਹਿੱਸਾ ਲੈਂਦਿਆਂ ਹੱਥ ਨਾਲ ਲੜੀਆਂ, ਦੀਵੇ ਸਜਾ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਨਰਸਰੀ ਕਲਾਸ ਦੇ ਬੱਚਿਆਂ ਨੇ ਡਾਂਸ, ਪੰਜਵੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧਾ ਪਾ ਕੇ ਦਰਸ਼ਕਾਂ ਦਾ ਮਨ ਮੋਹਿਆ। ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਨੀਰਜ ਸ਼ਰਮਾ ਨੇ ਬੱਚਿਆਂ ਨੂੰ ਦੀਵਾਲੀ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਸਾਫ਼ ਰੱਖਣ ਲਈ ਪਟਾਕੇ ਚਲਾਏ ਬਿਨਾਂ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਕਮਲੇਸ਼ ਸ਼ਰਮਾ, ਸੀਮਾ ਰਾਣੀ, ਬੌਬੀ ਵੈਦ ਆਦਿ ਹਾਜ਼ਰ ਸਨ।
ਝਾੜ ਸਾਹਿਬ ਕਾਲਜ ਵਿੱਚ ਗਰੀਨ ਦੀਵਾਲੀ ਮਨਾਈ
ਮਾਛੀਵਾੜਾ(ਗੁਰਦੀਪ ਸਿੰਘ ਟੱਕਰ): ਇਥੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਹਿਬ ਵਿਖੇ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਸੁਨੀਤਾ ਕੌਸ਼ਲ ਇੰਚਾਰਜ ਸੋਸ਼ਲ ਸੈਲਫ ਹੈਲਪ ਗਰੁੱਪ, ਡਾ. ਰਣਜੀਤ ਕੌਰ ਮੁੱਖੀ ਹੋਮ ਸਾਇੰਸ ਵਿਭਾਗ, ਡਾ. ਮਹੀਪਿੰਦਰ ਕੌਰ ਮੁੱਖੀ ਪੰਜਾਬੀ ਵਿਭਾਗ ਅਤੇ ਇੰਚਾਰਜ ਪੰਜਾਬੀ ਸਾਹਿਤ ਸਭਾ, ਜਸਵੀਰ ਕੌਰ ਇੰਚਾਰਜ ਐੱਨ ਐੱਸ ਐੱਸ ਯੂਨਿਟ, ਮਿਸ ਆਰਤੀ ਮੁੱਖੀ ਕਾਮਰਸ ਵਿਭਾਗ ਦੀ ਯੋਗ ਅਗਵਾਈ ਹੇਠ ਕਾਲਜ ਵਿਦਿਆਰਥਣਾਂ ਵੱਲੋਂ ਪਲਾਸਟਿਕ ਫਰੀ ਗਰੀਨ ਦੀਵਾਲੀ ਮਨਾਈ ਗਈ। ਵਿਦਿਆਰਥਣਾਂ ਨੇ ਗ੍ਰੀਨ ਦੀਵਾਲੀ ਮਨਾਉਣ ਦੇ ਸੰਕਲਪ ਨੂੰ ਲਾਗੂ ਕਰਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦਾ ਪ੍ਰਣ ਲਿਆ। ਪੰਜਾਬੀ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਫੁੱਲਾਂ ਦੇ ਮੌਸਮੀ ਪੌਦੇ ਲਗਾਏ ਗਏ। ਐੱਨ ਐੱਸ ਐੱਸ ਤੇ ਸੈਲਫ ਹੈਲਪ ਗਰੁੱਪ ਦੀਆਂ ਵਿਦਿਆਰਥਣਾਂ ਵੱਲੋਂ ਮਿੱਟੀ ਦੇ ਦੀਵੇ, ਵਸਤਰ, ਤੇਲ, ਬੱਤੀਆਂ ਆਦਿ ਸਮਾਨ ਲੋੜਵੰਦਾਂ ਨੂੰ ਵੰਡਿਆ ਗਿਆ। ਹੋਮ ਸਾਇੰਸ ਵਿਭਾਗ ਵੱਲੋਂ ਹੱਥੀ ਬਣਾਈਆਂ ਮਿਠਾਈਆਂ, ਕੇਕ, ਪੱਖੀਆਂ, ਰੰਗ-ਬਰੰਗੇ ਦੀਵੇ ਅਤੇ ਕਾਮਰਸ ਵਿਭਾਗ ਨੇ ਪਲਾਸਟਿਕ ਫਰੀ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਅਤੇ ਕਾਲਜ ਦੀ ਲੋਕਲ ਮੈਨੇਜਮੈਂਟ ਕਮੇਟੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਦੀਵਾਲੀ ਮੌਕੇ ਇਸ ਉਸਾਰੂ ਉਪਰਾਲੇ ਦੀ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ।