ਪੈਨਸ਼ਨਰਾਂ ਦੀਆਂ ਸਮੱਸਿਆਵਾਂ ’ਤੇ ਚਰਚਾ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਦਸੰਬਰ
ਮਿਉਂਸਿਪਲ ਰਿਟਾਇਰਡ ਇੰਪਲਾਈਜ਼ ਯੂਨੀਅਨ ਦੀ ਬੈਠਕ ਚੇਅਰਮੈਨ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਯੂਨੀਅਨ ਦੇ ਸਰਪ੍ਰਸਤ ਸੰਜੀਵ ਅਰੋੜਾ ਸ਼ਾਮਿਲ ਹੋਏ। ਮੀਟਿੰਗ ਦੌਰਾਨ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਮੰਗਾਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਹਰ ਮਹੀਨੇ ਦੇਰੀ ਨਾਲ ਪੈਨਸ਼ਨ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪੈਨਸ਼ਨ ਸਮੇਂ ਸਿਰ ਖਾਤਿਆਂ ਵਿਚ ਪਾਉਣੀ ਯਕੀਨੀ ਨਾ ਬਣਾਈ ਤਾਂ ਯੂਨੀਅਨ ਵਲੋਂ ਸਰਕਾਰ ਵਿਰੁੱਧ ਸੰਘਰਸ਼ ਛੇੜ ਦਿੱਤਾ ਜਾਵੇਗਾ। ਸੰਜੀਵ ਅਰੋੜਾ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇ ਅਤੇ ਬਣਦਾ ਡੀ.ਏ ਦਾ ਬਕਾਇਆ ਦੇਵੇ। ਸਕੱਤਰ ਜੋਗਿੰਦਰ ਪਾਲ ਆਦੀਆ ਨੇ ਕਿਹਾ ਕਿ ਇਕ ਪਾਸੇ ਸਰਕਾਰ ਖਜ਼ਾਨਾ ਭਰੇ ਹੋਣ ਦੇ ਦਾਅਵੇ ਕਰਦੀ ਹੈ ਅਤੇ ਜੇਕਰ ਅਜਿਹਾ ਹੈ ਤਾਂ ਫ਼ਿਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਅਦਾਇਗੀਆਂ ਵਿਚ ਦੇਰੀ ਕਿਉਂ ਕੀਤੀ ਜਾਂਦੀ ਹੈ। ਇਸ ਦੌਰਾਨ ਸਾਬਕਾ ਜੂਨੀਅਰ ਇੰਜੀਨੀਅਰ ਅਸ਼ਵਨੀ ਸ਼ਰਮਾ ਨੂੰ 65 ਸਾਲ ਪੂਰੇ ਹੋਣ ’ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।