ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਗੁਰੂ ਰਾਮਦਾਸ ਸੈਂਟਰ ਫਾਰ ਇਕਨਾਮਿਕ ਗਰੋਥ ਵੱਲੋਂ ਡਾ: ਇੰਦਰਜੀਤ ਸਿੰਘ ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਦੇ ਜਨਮ ਦਿਨ ਮੌਕੇ ਵੈਬਿਨਾਰ ਕਰਵਾਇਆ ਗਿਆ ਜਿਸ ਵਿੱਚ ਬੁਲਾਰਿਆਂ ਨੇ ਪੰਜਾਬ ਆਰਥਿਕਤਾ ਦੀ ਮੁੜ ਸੁਰਜੀਤੀ ਦੇ ਮਾਡਲ ਬਾਰੇ ਵਿਚਾਰ-ਚਰਚਾ ਕੀਤੀ।
ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਤਾਪ ਸਿੰਘ ਸਾਬਕਾ ਚੇਅਰਮੈਨ ਤੇ ਮੁਖੀ ਡਾ. ਇੰਦਰਜੀਤ ਸਿੰਘ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਕੇ ਬੀ ਸਿੰਘ ਡਾਇਰੈਕਟਰ ਗੁਰੂ ਰਾਮਦਾਸ ਸੈਂਟਰ ਇਕਨਾਮਿਕ ਗਰੋਥ, ਜਸਪਾਲ ਸਿੰਘ ਜਨਰਲ ਸਕੱਤਰ, ਬ੍ਰਿਜ ਭੂਸ਼ਣ ਗੋਇਲ ਉੱਘੇ ਚਿੰਤਕ ਤੇ ਬੈਂਕਰ ਅਤੇ ਡਾ. ਸਰਬਜੀਤ ਸਿੰਘ ਸ਼ਾਮਲ ਹੋਏ।
ਮੁੱਖ ਮਹਿਮਾਨ ਅਤੇ ਬੁਲਾਰੇ ਵਜੋਂ ਚਰਨ ਸਿੰਘ ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਅਤੇ ਚਿਰੰਜੀਵ ਸਿੰਘ ਰਿਟਾਇਰਡ ਚੀਫ਼ ਸਕੱਤਰ ਕਰਨਾਟਕਾ ਸਰਕਾਰ ਪੁੱਜੇ।
ਇਸ ਮੌਕੇ ਨਵੀਨਤਾਕਾਰੀ ਕਿਸਾਨ ਸਨਮਾਨ ਜਸਪ੍ਰੀਤ ਸਿੰਘ ਕੰਧਾਲੀ ਨੂੰ ਦਿੱਤਾ ਗਿਆ ਜਿਨਾ ਨੇ ਵਕਾਲਤ ਦਾ ਧੰਦਾ ਛਡ ਕੇ ਨਵੇ ਕਿਸਮ ਦੇ ਫ਼ਲਾਂ ਦੀ ਕਾਸ਼ਤ ਕਰ ਕੇ ਚੰਗਾ ਨਾਮਨਾ ਖਟਿਆ ਹੈ। ਇਸ ਮੌਕੇ ਡਾ. ਰੇਣੁਕਾ ਨੇ ਡਾ. ਇੰਦਰਜੀਤ ਸਿੰਘ ਦੇ ਜੀਵਨ ਦੀਆਂ ਚੋਣਵੀਆਂ ਗੱਲਾਂ ਦੀ ਸਾਂਝ ਪਾਈ।
ਬੁਲਾਰੇ ਚਰਨ ਸਿੰਘ ਨੇ ਪੰਜਾਬ ਦੀ ਆਰਥਿਕਤਾ ਦੇ ਪਿਛੋਕੜ ਅਤੇ ਸਮਕਾਲੀ ਬਿਰਤਾਂਤ ਨੂੰ ਸਾਂਝਾ ਕਰਦਿਆਂ ਦਰਪੇਸ਼ ਚੁਣੌਤੀਆਂ ਦਾ ਵਰਣਨ ਕੀਤਾ। ਇਸ ਮੌਕੇ ਵਿਦਵਾਨਾਂ ਨੇ ਚਿੰਤਾ ਪ੍ਰਗਟਾਈ ਕਿ ਪੰਜਾਬ ਝੋਨੇ ਅਤੇ ਕਣਕ ਦੀਆਂ ਦੋ ਫ਼ਸਲਾਂ ਵਿੱਚ ਹੀ ਘਿਰ ਕੇ ਰਹਿ ਗਿਆ ਹੈ। ਸੈਰ-ਸਪਾਟਾ ਉਦਯੋਗ ਵਿੱਚ ਸ਼ਾਹੀ ਮਹਿਲਾਂ ਅਤੇ ਵਿਰਾਸਤੀ ਇਮਾਰਤਾਂ ਨੂੰ ਸਾਂਭ ਕੇ ਨਹੀਂ ਰੱਖਿਆ ਗਿਆ। ਇਸ ਮੌਕੇ ਸੁਕ੍ਰਿਤ ਤੋਂ ਜਸਜੋਤ ਸਿੰਘ ਅਤੇ ਬੀਬਾ ਪਰਵਿੰਦਰ ਕੌਰ ਨੇ ਪੰਜਾਬ ਸਕਿਲ ਬੈਂਕ ਪ੍ਰਾਜੈਕਟ ਦਾ ਜ਼ਿਕਰ ਕੀਤਾ ਜਿਸ ਵਿੱਚ ਹੁਨਰ ਕੋਰਸ ਸ਼ਾਮਲ ਹਨ। ਬ੍ਰਿਜ ਭੂਸ਼ਨ ਗੋਇਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਤਾਪ ਸਿੰਘ ਸਾਬਕਾ ਡੀਜੀਪੀ ਪੱਛਮੀ ਬੰਗਾਲ, ਗੁਰਮੀਤ ਸਿੰਘ ਡਾਇਰੈਕਟਰ ਓਵਰਸੀਜ਼, ਡਾ. ਬਲਵਿੰਦਰ ਪਾਲ ਸਿੰਘ, ਡਾ. ਗੁਰਜਿੰਦਰ ਸਿੰਘ ਚਾਵਲਾ ਅਤੇ ਇੰਦਰਪਾਲ ਸਿੰਘ ਮੁਖੀ ਗਲੋਬਲ ਸਿੱਖ ਐਜੂਕੇਸ਼ਨ ਮਿਸ਼ਨ ਨੇ ਵੀ ਪ੍ਰਸ਼ਨ ਪੁੱਛੇ।

