ਸੁਰਜੀਤ ਰਾਮਪੁਰੀ ਦੀ ਕਾਵਿ ਕਲਾ ਤੇ ਜੀਵਨ ਬਾਰੇ ਚਰਚਾ
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਪੰਜਾਬੀ ਲਿਖਾਰੀ ਸਾਹਿਤ ਸਭਾ ਰਾਮਪੁਰ ਦੇ ਸਹਿਯੋਗ ਨਾਲ ਸਮਾਗਮ
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਪੰਜਾਬੀ ਲਿਖਾਰੀ ਸਾਹਿਤ ਸਭਾ ਰਾਮਪੁਰ ਦੇ ਸਹਿਯੋਗ ਨਾਲ ਪ੍ਰਸਿੱਧ ਕਵੀ ਸੁਰਜੀਤ ਰਾਮਪੁਰੀ ਦੀ ਕਾਵਿ-ਕਲਾ ਅਤੇ ਜੀਵਨ ਬਾਰੇ ਵਿਸ਼ੇਸ਼ ਸਮਾਗਮ ਕਹਾਣੀਕਾਰ ਬਲਜਿੰਦਰ ਨਸਰਾਲੀ ਦੀ ਪ੍ਰਧਾਨਗੀ ਹੇਠਾਂ ਨੇੜਲੇ ਪਿੰਡ ਰਾਮਪੁਰ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੰਜਾਬੀ ਦੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਵੱਲੋਂ ਅਕੈਡਮੀ ਦੇ ਪੰਜਾਬ ਵਿਚ ਹੋਣ ਵਾਲੇ ਸਮਾਗਮਾਂ ਦੀ ਜਾਣਕਾਰੀ ਦੇਣ ਉਪਰੰਤ ਹੋਈ। ਸ਼ਾਇਰ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਉਹ ਸੁਰਜੀਤ ਰਾਮਪੁਰੀ ਦਾ ਜਨੂੰਨੀ ਕਦਰਦਾਨ ਸੀ। ਦੂਰਦਰਸ਼ਨ ਜਲੰਧਰ ’ਤੇ ਸੇਵਾ ਨਿਭਾਉਂਦਿਆਂ ਉਨ੍ਹਾਂ ਦੇ ਚਰਚਿਤ ਗੀਤ ਜਗਜੀਤ ਜੀਰਵੀ ਤੇ ਹੋਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਕਰਵਾਏ ਅਤੇ ਉਨ੍ਹਾਂ ਦੇ ਜੀਵਨ ਤੇ ਕਾਵਿ-ਕਲਾ ਦੇ ਆਧਾਰ ’ਤੇ ਇਕ ਡਾਕੂਮੈਂਟਰੀ ਵੀ ਬਣਾਈ। ਡਾ. ਗੁਰਜੰਟ ਸਿੰਘ ਸਾਬਕਾ ਪਿੰਸੀਪਲ ਨੇ ਕਿਹਾ ਕਿ ਉਨ੍ਹਾਂ ਦੇ ਗੀਤਾਂ ਵਿਚ ਲੋਕ ਗੀਤਾਂ ਵਰਗੀ ਨਫ਼ਾਸਤ ਹੈ ਅਤੇ ਮਨੁੱਖੀ ਜਜ਼ਬਿਆਂ ਦੀ ਮਾਰਮਿਕ ਪੇਸ਼ਕਾਰੀ ਹੈ। ਉਨ੍ਹਾਂ ਨੇ ਲੰਘਦੇ ਸਮੇਂ ਨੂੰ ਆਪਣੀ ਕਾਵਿਕ ਸਮਰੱਥਾ ਨਾਲ ਆਉਣ ਵਾਲੀ ਪੀੜ੍ਹੀ ਲਈ ਮਹਿਫੂਜ਼ ਕਰ ਦਿੱਤਾ ਹੈ। ਸਮਸ਼ਾਦ ਅਲੀ ਨੇ ਸੁਰਜੀਤ ਰਾਮਪੁਰੀ ਦੇ ਚਾਰ ਚਰਚਿਤ ਗੀਤ ਸਾਜ਼ਾਂ ਨਾਲ ਪੇਸ਼ ਕੀਤੇ ਅਤੇ ਰਾਮਪੁਰੀ ਦਾ ਰੇਖਾ ਚਿੱਤਰ ਵੀ ਪੜਿਆ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਰਾਮਪੁਰੀ ਦੇ ਗੀਤਾਂ ਵਿਚ ਸੰਗੀਤ ਡੁੱਲ੍ਹ -ਡੁੱਲ੍ਹ ਪੈਂਦਾ ਸੀ, ਸੁਰਿੰਦਰ ਕੌਰ, ਅਮਰਜੀਤ ਗੁਰਦਾਸਪੁਰੀ, ਜਗਜੀਤ ਜੀਰਵੀ ਅਤੇ ਹੋਰ ਗਾਇਕਾਂ ਨੇ ਗਾਏ। ਬਲਜਿੰਦਰ ਨਸਰਾਲੀ ਨੇ ਅਕੈਡਮੀ ਵੱਲੋਂ ਪ੍ਰਸਿੱਧ ਲੇਖਕਾਂ ਦੇ ਪਿੰਡਾਂ ਵਿਚ ਜਾ ਕੇ ਸਮਾਗਮ ਕਰਨ ਦੀ ਸ਼ਲਾਘਾ ਕੀਤੀ। ਸਭਾ ਦੇ ਪ੍ਰਧਾਨ ਗ਼ਜ਼ਲਕਾਰ ਅਮਰਿੰਦਰ ਸਿੰਘ ਸੋਹਲ ਅਤੇ ਸਰਪੰਚ ਜਸਵੰਤ ਸਿੰਘ ਮਾਂਗਟ ਨੇ ਸ਼ਾਮਲ ਹੋਏ ਮੈਬਰਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਪੰਜਾਬੀ ਕਵੀ ਭਗਵਾਨ ਢਿੱਲੋਂ, ਐਸ ਨਸੀਮ, ਨਿਰੰਜਣ ਸੂਖਮ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਡਾ.ਪਰਮਿੰਦਰ ਸਿੰਘ ਬੈਨੀਪਾਲ ਅਤੇ ਹੋਰ ਲੇਖਕਾਂ ਨੇ ਆਪਣੇ ਵਿਚਾਰ ਰੱਖੇ।