ਪੀ ਏ ਯੂ ਵਿੱਚ ਮਿੱਟੀ ਅਤੇ ਪਾਣੀ ਦੀ ਸੰਭਾਲ ਬਾਰੇ ਚਰਚਾ
ਮਾਹਿਰਾਂ ਦੀ ਤਿੰਨ ਰੋਜ਼ਾ ਵਰਕਸ਼ਾਪ ਸਮਾਪਤ; ਉਪ ਕੁਲਪਤੀ ਨੇ ਸ਼ਿਰਕਤ ਕੀਤੀ
ਪੀ ਏ ਯੂ ਵਿੱਚ ਭੂਮੀ ਸੰਭਾਲ ਬਾਰੇ ਭਾਰਤੀ ਸੁਸਾਇਟੀ ਦੇ ਲੁਧਿਆਣਾ ਚੈਪਟਰ ਵੱਲੋਂ ਕਰਵਾਈ ਜਾ ਰਹੀ ਤਿੰਨ ਰੋਜ਼ਾ ਵਰਕਸ਼ਾਪ ਅੱਜ ਸਮਾਪਤ ਹੋ ਗਈ। ਇਸ ਦੌਰਾਨ ਦੇਸ਼ ਭਰ ਦੇ ਮਾਹਿਰਾਂ ਨੇ ਖੇਤੀਬਾੜੀ ਉਤਪਾਦਨ ਵਿਚ ਸਥਿਰਤਾ ਬਰਕਰਾਰ ਰੱਖਣ ਦੇ ਨਾਲ-ਨਾਲ ਭੂਮੀ ਅਤੇ ਪਾਣੀ ਦੀ ਸੰਭਾਲ ਲਈ ਉਚੇਚੇ ਯਤਨ ਜਾਰੀ ਰੱਖਣ ਬਾਰੇ ਸਹਿਮਤੀ ਪ੍ਰਗਟਾਈ। ਮਾਹਿਰਾਂ ਨੇ ਇਸ ਦਿਸ਼ਾ ਵਿੱਚ ਨਵੀਨ ਵਿਗਿਆਨਕ ਅਤੇ ਖੇਤੀ ਤਕਨਾਲੋਜੀ ਦੀ ਵਰਤੋਂ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਭੋਜਨ ਸੁਰੱਖਿਆ ਲਈ ਖੇਤੀ ਉਤਪਾਦਨ ਵਿਚ ਵਾਧੇ ਵਾਸਤੇ ਸਮਤੋਲ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਵਰਕਸ਼ਾਪ ਵਿੱਚ 300 ਦੇ ਕਰੀਬ ਡੈਲੀਗੇਟ ’ਚ ਭੂਮੀ ਅਤੇ ਪਾਣੀ ਦੀ ਸੰਭਾਲ ਦੇ ਮਾਹਿਰਾਂ ਅਤੇ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਇਸ ਖੇਤਰ ਦੇ ਖੋਜੀ ਅਤੇ ਵਿਦਿਆਰਥੀ ਸ਼ਾਮਲ ਸਨ। ਮਾਹਿਰਾਂ ਨੇ ਦਿਨੋਂ-ਦਿਨ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਮਿੱਟੀ ਦੇ ਘਟ ਰਹੇ ਮਿਆਰ ਲਈ ਰਲ ਕੇ ਹੰਭਲਾ ਮਾਰਨ ਦਾ ਸੁਨੇਹਾ ਵੀ ਦਿੱਤਾ। ਇਸ ਵਰਕਸ਼ਾਪ ਦੌਰਾਨ ਭੂਮੀ ਅਤੇ ਪਾਣੀ ਸੰਭਾਲ ਦੇ ਮਾਹਿਰਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਬਾਨੀ ਅਤੇ ਪੋਸਟਰ ਰਾਹੀਂ ਵੱਖ-ਵੱਖ ਵਿਸ਼ਿਆਂ ਬਾਰੇ ਪੇਸ਼ਕਾਰੀਆਂ ਹੋਈਆਂ, ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ, ਪੈਨਲ ਵਿਚਾਰ-ਚਰਚਾਵਾਂ ਹੋਈਆਂ। ਸਮਾਪਤੀ ਸੈਸ਼ਨ ਵਿੱਚ ਪੀਏਯੂ ਦੇ ਉਪ ਕੁਲਪਤੀ ਸਤਿਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਭਾਰਤ ਸਰਕਾਰ ਦੇ ਸਾਬਕਾ ਵਧੀਕ ਕਮਿਸ਼ਨਰ ਡਾ. ਸ਼ਮਸ਼ੇਰ ਸਿੰਘ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਐੱਸ ਸੀ ਐੱਸ ਆਈ ਦੇ ਪ੍ਰਧਾਨ ਡਾ. ਟੀ ਬੀ ਐੱਸ ਰਾਜਪੂਤ, ਉੱਪ ਪ੍ਰਧਾਨ ਡਾ. ਸੰਜੇ ਅਰੋੜਾ ਆਦਿ ਸ਼ਾਮਿਲ ਹੋਏ। ਡਾ. ਗੋਸਲ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਮਾਹਿਰਾਂ ਨੇ ਸਥਿਰ ਖੇਤੀ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਬਰਾਬਰ ਦਾ ਮਹੱਤਵ ਦਿੱਤਾ ਹੈ। ਡਾ. ਸ਼ਮਸ਼ੇਰ ਸਿੰਘ ਨੇ ਮਾਹਿਰਾਂ ਵੱਲੋਂ ਸੁਝਾਏ ਗਏ ਹੱਲਾਂ ਨੂੰ ਮੂਲਵਾਨ ਕਿਹਾ ਅਤੇ ਇਹਨਾਂ ਨੂੰ ਲਾਗੂ ਕਰਨ ਲਈ ਸੁਹਿਰਦ ਯਤਨਾਂ ਦੀ ਲੋੜ ਮਹਿਸੂਸ ਕੀਤੀ। ਸਮਾਪਤੀ ਸੈਸ਼ਨ ਵਿਚ ਵਰਕਸ਼ਾਪ ਦੇ ਸਹਿ ਆਯੋਜਕ ਡਾ. ਰਾਕੇਸ਼ ਸ਼ਾਰਦਾ ਨੇ ਸਵਾਗਤੀ ਸ਼ਬਦ ਕਹੇ। ਪ੍ਰਬੰਧਕੀ ਸਕੱਤਰ ਡਾ. ਮਨਮੋਹਨਜੀਤ ਸਿੰਘ ਨੇ ਵਰਕਸ਼ਾਪ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ।

