ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ‘ਵਨ ਹੈਲਥ ਨੂੰ ਅੱਗੇ ਵਧਾਉਣਾ’ ਵਿਸ਼ੇ ’ਤੇ ਕਰਵਾਈ ਜਾ ਰਹੀ ਦੋ ਦਿਨਾ ਅੰਤਰਰਾਸ਼ਟਰੀ ਵਰਕਸ਼ਾਪ ਅੱਜ ਸਮਾਪਤ ਹੋ ਗਈ। ਦੂਜੇ ਦਿਨ ਦੀ ਸ਼ੁਰੂਆਤ ਜਲਵਾਯੂ ਅਤੇ ਜੰਗਲੀ ਜੀਵ ਸਿਹਤ ਦੇ ਵਿਸ਼ੇ ’ਤੇ ਵਿਗਿਆਨਕ ਪੇਸ਼ਕਾਰੀਆਂ ਨਾਲ ਹੋਈ। ਵਿਸ਼ਵ ਪ੍ਰਸਿੱਧ ਮਾਹਿਰਾਂ ਵਿੱਚੋਂ ਕੈਨੇਡਾ ਦੇ ਡਾ. ਏਮਿਲੀ ਜੇਨਕਿੰਸ ਨੇ ਕੈਨੇਡੀਅਨ ਅਨੁਭਵ ਤੋਂ ਜੰਗਲੀ ਜੀਵ-ਪਸ਼ੂ-ਮਨੁੱਖ ਅੰਤਰ ਸਬੰਧਾਂ ’ਤੇ ਭਾਸ਼ਣ ਦਿੱਤਾ। ਡਾ. ਸੁਰਿੰਦਰ ਸਿੰਘ ਕੁੱਕਲ ਨੇ ਪਾਣੀ, ਮਿੱਟੀ ਅਤੇ ਖੇਤੀਬਾੜੀ ਪ੍ਰਣਾਲੀਆਂ ਨੂੰ ਸਿਹਤ ਦੇ ਵਾਤਾਵਰਨ ਨਿਰਧਾਰਿਕਾਂ ਵਜੋਂ ਚਿੰਨ੍ਹਹਿਤ ਕੀਤਾ। ਡਾ. ਪਰਾਗ ਨਿਗਮ ਨੇ ਉਭਰ ਰਹੀਆਂ ਛੂਤ ਦੀਆਂ ਬਿਮਾਰੀਆਂ ਨੂੰ ਪਛਾਨਣ ਅਤੇ ਬਿਮਾਰੀਆਂ ਦੀ ਪੇਸ਼ੀਨਗੋਈ ਕਰਨ ਸਬੰਧੀ ਜੰਗਲੀ ਜੀਵ ਸਿਹਤ ਦੀ ਭੂਮਿਕਾ ਬਾਰੇ ਚਾਨਣਾ ਪਾਇਆ।
ਕਾਨਫਰੰਸ ਵਿੱਚ ਪਸ਼ੂ ਸਿਹਤ ਅਤੇ ਜੈਵਿਕ ਸੁਰੱਖਿਆ ਮੁੱਦਿਆਂ ਨੂੰ ਵੀ ਵਿਚਾਰਿਆ ਗਿਆ। ਬੈਲਜ਼ੀਅਮ ਦੇ ਡਾ. ਜੇਰੋਇਨ ਡਿਉਲਫ ਨੇ ਆਲਮੀ ਫਾਰਮ ਜੈਵਿਕ ਸੁਰੱਖਿਆ, ਰੋਗਾਣੂਨਾਸ਼ਕ ਪ੍ਰਤੀਰੋਧ ਘਟਾਉਣ ਦੀਆਂ ਰਣਨੀਤੀਆਂ ਨੂੰ ਉਜਾਗਰ ਕੀਤਾ। ਏਮਸ, ਨਵੀਂ ਦਿੱਲੀ ਦੇ ਡਾ. ਵਿਕਰਮ ਸੈਣੀ ਨੇ ਰੋਗ ਵਿਭਿੰਨਤਾ ’ਤੇ ਚਰਚਾ ਕੀਤੀ ਜਦੋਂ ਕਿ ਡਾ. ਨਰਿੰਦਰ ਹੇਗੜੇ ਨੇ ਲੱਛਣ ਆਧਾਰਿਤ ਖੋਜ ਅਤੇ ਆਧੁਨਿਕ ਨਿਰੀਖਣ ਦੀ ਰੂਪ-ਰੇਖਾ ਦੱਸੀ।
ਖੋਜਕਾਰਾਂ ਅਤੇ ਵਿਦਿਆਰਥੀਆਂ ਨੇ ਵਿਭਿੰਨ ਵਿਸ਼ਿਆਂ ’ਤੇ ਆਪਣੇ ਪੋਸਟਰ ਅਤੇ ਮੌਖਿਕ ਖੋਜਕਾਰੀ ਵੀ ਪੇਸ਼ ਕੀਤੀ। ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੂੰ ਵੈਟਨਰੀ ਜਨਤਕ ਸਿਹਤ ਵਿੱਚ ਵਿਸ਼ੇਸ਼ ਯੋਗਦਾਨ ਦੇਣ ਲਈ ਜੀਵਨ ਪ੍ਰਾਪਤੀ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਜਸਬੀਰ ਸਿੰਘ ਬੇਦੀ ਨੂੰ ਏ ਟੀ ਸ਼ੇਰੀਕਰ ਸਨਮਾਨ ਪ੍ਰਾਪਤ ਹੋਇਆ। ਡਾ. ਸਿਮਰਨਪ੍ਰੀਤ ਕੌਰ ਨੂੰ ਡਾ. ਆਰ ਕੇ ਅਗਰਵਾਲ ਸਨਮਾਨ ਅਤੇ ਡਾ. ਇਕਰਾ ਆਰਿਫ਼ ਨੂੰ ਸਰਵਉੱਤਮ ਥੀਸਿਸ ਸਨਮਾਨ ਪ੍ਰਦਾਨ ਕੀਤਾ ਗਿਆ। ਪੋਸਟਰ ਅਤੇ ਮੌਖਿਕ ਪੇਸਕਾਰੀ ਵਿੱਚ ਵੀ ਸਰਵਉੱਤਮ ਅਵਾਰਡ ਪ੍ਰਦਾਨ ਕੀਤੇ ਗਏ। ਡਾ. ਗਿੱਲ ਨੇ ਸਾਰੇ ਇਨਾਮ ਜੇਤੂਆਂ ਨੂੰ ਵਧਾਈ ਦਿੱਤੀ। ਡਾ. ਬੇਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

