ਪਸ਼ੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਜਲਵਾਯੂ ਖ਼ਤਰਿਆਂ ਬਾਰੇ ਚਰਚਾ
ਵੈਟਰਨਰੀ ਯੂਨੀਵਰਸਿਟੀ ਵਿੱਚ ‘ਵਨ ਹੈਲਥ’ ਵਿਸ਼ੇ ’ਤੇ ਕੌਮਾਂਤਰੀ ਕਾਨਫਰੰਸ ਸ਼ੁਰੂ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਪਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ‘ਵਨ ਹੈਲਥ ਨੂੰ ਅੱਗੇ ਵਧਾਉਣਾ: ਮਨੁੱਖੀ ਜਾਨਵਰ ਅਤੇ ਵਾਤਾਵਰਣ ਸਿਹਤ ਨੂੰ ਬਿਹਤਰ ਕਰਨ ਲਈ ਕਾਰਜ ਕਰਨ ਦਾ ਸੰਕਲਪ’ ਵਿਸ਼ੇ ’ਤੇ ਦੋ ਦਿਨਾ ਅੰਤਰਰਾਸ਼ਟਰੀ ਕਾਨਫਰੰਸ ਅੱਜ ਤੋਂ ਸ਼ੁਰੂ ਹੋ ਗਈ। ਇਹ ਕਾਨਫਰੰਸ ਇੰਡੀਅਨ ਐਸੋਸੀਏਸ਼ਨ ਆਫ ਵੈਟਰਨਰੀ ਪਬਲਿਕ ਹੈਲਥ ਸਪੈਸ਼ਲਿਸਟਸ ਦੇ 21ਵੇਂ ਸਾਲਾਨਾ ਸੰਮੇਲਨ ਦੇ ਨਾਲ ਰੱਖੀ ਗਈ ਹੈ। ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ 200 ਤੋਂ ਵੱਧ ਡੈਲੀਗੇਟ ਹਿੱਸਾ ਲੈ ਰਹੇ ਹਨ। ਪ੍ਰਬੰਧਕੀ ਸਕੱਤਰ ਡਾ. ਜਸਬੀਰ ਸਿੰਘ ਬੇਦੀ ਨੇ ਸਭ ਦਾ ਸਵਾਗਤ ਕਰਦਿਆਂ ਦੋ ਦਿਨਾ ਗੋਸ਼ਠੀ ਦੀ ਰੂਪ-ਰੇਖਾ ਸਾਂਝੀ ਕੀਤੀ।
ਉਪ ਕੁਲਪਤੀ ਅਤੇ ਇਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਉਦਘਾਟਨੀ ਭਾਸ਼ਣ ਵਿੱਚ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਰੋਗਾਣੂਨਾਸ਼ਕ ਪ੍ਰਤੀਰੋਧ, ਜਲਵਾਯੂ ਨਾਲ ਜੁੜੇ ਖ਼ਤਰਿਆਂ ਅਤੇ ਭੋਜਨ ਸੁਰੱਖਿਆ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਵਨ ਹੈਲਥ ਦੀ ਵੱਧਦੀ ਮਹੱਤਤਾ ਸੰਬੰਧੀ ਰੋਸ਼ਨੀ ਪਾਈ।
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਪ੍ਰੋ. ਗੁਰਪ੍ਰੀਤ ਸਿੰਘ ਵਾਂਡਰ ਨੇ ਵਨ ਹੈਲਥ ਵਿਸ਼ੇ ਨਾਲ ਜੁੜੀਆਂ ਸਿਹਤ ਚੁਣੌਤੀਆਂ ਦਾ ਸਮੇਂ-ਸਿਰ ਪਤਾ ਲਗਾਉਣ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਸਬੰਧੀ ਮੈਡੀਕਲ ਅਤੇ ਵੈਟਰਨਰੀ ਭਾਈਵਾਲੀ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਉਪ ਕੁਲਪਤੀ ਪ੍ਰੋ. ਰਾਜੀਵ ਸੂਦ ਨੇ ਸਿਹਤ ਮੁੱਦਿਆਂ ਸਬੰਧੀ ਰਾਸ਼ਟਰੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਅੰਤਰ ਖੇਤਰੀ ਸਮਰੱਥਾ, ਸੰਯੁਕਤ ਸਿਖਲਾਈ ਅਤੇ ਸਾਂਝੀ ਡਾਟਾ ਪ੍ਰਣਾਲੀ ਨੂੰ ਸੁਦ੍ਰਿੜ ਕਰਨ ਸਬੰਧੀ ਜ਼ਰੂਰਤ ਦੀ ਗੱਲ ਕੀਤੀ। ਭਾਰਤ ਸਰਕਾਰ ਦੇ ਸਾਬਕਾ ਸਕੱਤਰ ਡਾ. ਤਰੁਣ ਸ੍ਰੀਧਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਆਰ ਜੇ ਜ਼ੇਂਡੇ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਵਨ ਹੈਲਥ ਰਾਹੀਂ ਜਨਤਕ ਸਿਹਤ ਨੂੰ ਮਜ਼ਬੂਤ ਕਰਨ ਦੇ ਉਦੇਸ਼, ਮੁੱਖ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਦਾ ਵੇਰਵਾ ਦਿੱਤਾ। ਕਾਨਫਰੰਸ ਦੌਰਾਨ ਏਮਸ, ਬਠਿੰਡਾ ਅਤੇ ਵੈਟਰਨਰੀ ਯੂਨੀਵਰਸਿਟੀ ਦੌਰਾਨ ਇਕ ਸਮਝੌਤਾ ਪੱਤਰ ’ਤੇ ਵੀ ਹਸਤਾਖ਼ਰ ਕੀਤੇ ਗਏ। ਮੁਹਤਬਰ ਸ਼ਖ਼ਸੀਅਤਾਂ ਨੇ ਸੋਵੀਨਰ ਅਤੇ ਲੇਖ ਸੰਗ੍ਰਹਿ ਵੀ ਲੋਕ ਅਰਪਣ ਕੀਤਾ। ਪ੍ਰਬੰਧਕੀ ਸਕੱਤਰ ਡਾ. ਰਾਬਿੰਦਰ ਸਿੰਘ ਔਲਖ ਨੇ ਸਾਰਿਆਂ ਦਾ ਧੰਨਵਾਦ ਕੀਤਾ।

