ਬਾਬਾ ਮਹਾਰਾਜ ਸਿੰਘ ਦੇ ਨੀਂਹ ਪੱਥਰ ਨੂੰ ਗਾਇਬ ਕਰਨਾ ਨਿੰਦਣਯੋਗ: ਲੱਖਾ
ਲੰਘੀ ਰਾਤ ਬਲਾਂਕ ਮਲੌਦ ਦੇ ਇਤਿਹਾਸਕ ਪਿੰਡ ਰੱਬੋ ਉੱਚੀ ਵਿੱਚ ਬਾਬਾ ਮਹਾਰਾਜ ਸਿੰਘ ਦੇ ਬੁੱਤ ’ਤੇ ਉਦਘਾਟਨੀ ਸਮਾਰੋਹ ਸਮੇਂ ਰੱਖੇ ਪੱਥਰ ਕੁੱਝ ਸ਼ਰਾਰਤੀ ਅਨਸਰਾਂ ਨੇ ਗਾਇਬ ਕਰ ਦਿੱਤੇ ਹਨ। ਇਸ ਘਟਨਾ ਦੀ ਨਿਖੇਧੀ ਕਰਦਿਆਂ ਅੱਜ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਘਟਨਾ ਸਥਾਨ ’ਤੇ ਪੁੱਜ ਕੇ ਦੱਸਿਆ ਕਿ ਸ਼ਹੀਦ ਬਾਬਾ ਮਹਾਰਾਜ ਸਿੰਘ ਦਾ ਆਦਮ ਕੱਦ ਬੁੱਤ ਕਾਂਗਰਸ ਪਾਰਟੀ ਦੇ ਰਾਜ ਵੇਲੇ ਸਥਾਪਤ ਕੀਤਾ ਗਿਆ ਸੀ, ਜਿਸ ਦਾ 2021 ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਾਰਾਏ ਨੇ ਉਦਘਾਟਨ ਕੀਤਾ ਸੀ। ਇਸ ਬੁੱਤ ਦੇ ਹੇਠਾਂ ਲੱਗਿਆ ਪੱਥਰ ਜਿਸ ’ਤੇ ਸਬੰਧਤ ਜਾਣਕਾਰੀ ਦਿੱਤੀ ਗਈ ਸੀ ਨੂੰ ਰਾਤ ਗਾਇਬ ਕਰ ਦਿੱਤਾ ਗਿਆ ਹੈ।
ਸਾਬਕਾ ਵਿਧਾਇਕ ਨੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸਦੀ ਡੂੰਘਾਈ ਨਾਲ ਜਾਂਚ ਕਰਕੇ ਅਸਲੀਅਤ ਸੱਚ ਸਾਹਮਣੇ ਲਿਆਂਦਾ ਜਾਵੇ। ਲੱਖਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੌਜੂਦਾ ਸਰਕਾਰ ਦੇ ਰਾਜ ਅੰਦਰ ਕਾਂਗਰਸ ਪਾਰਟੀ ਵੱਲੋਂ ਰੱਖੇ ਦਰਜਨਾਂ ਨੀਂਹ ਪੱਥਰ ਤੋੜੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤੋੜੇ ਗਏ ਨੀਂਹ ਪੱਥਰ ਬਾਰੇ ਪੁਲੀਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ, ਪਰ ਪੁਲੀਸ ਪ੍ਰਸ਼ਾਸਨ ਸ਼ਰਾਰਤੀ ਅਨਸਰਾਂ ਨੂੰ ਲੱਭਣ ਵਿੱਚ ਨਾਕਾਮ ਰਹੀਂ ਹੈ। ਘਟਨਾ ਸਥਾਨ ’ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸਰਪੰਚ ਰਣਜੋਧ ਸਿੰਘ ਰੱਬੋ, ਸਾਬਕਾ ਸਰਪੰਚ ਪਿਆਰਾ ਸਿੰਘ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆ, ਹਰਮਨ ਸਿੰਘ ਦੀ ਹਾਜ਼ਰੀ ਵਿੱਚ ਸੋਸ਼ਲ ਮੀਡੀਆ ਤੇ ਲਾਇਵ ਹੋ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ।
ਲਿਖਤੀ ਸ਼ਿਕਾਇਤ ਨਹੀਂ ਆਈ: ਡੀਐੱਸਪੀ
ਡੀਐੱਸਪੀ ਪਾਇਲ ਹੇਮੰਤ ਮਲਹੋਤਰਾ ਨੇ ਕਿਹਾ ਕਿ ਇਸ ਘਟਨਾ ਸਬੰਧੀ ਕੋਈ ਵੀ ਲਿਖਤੀ ਦਰਖਾਸਤ ਨਹੀਂ ਆਈ ਹੈ ਪਰ ਉਹ ਫਿਰ ਵੀ ਗੌਰ ਕਰ ਰਹੇ ਹਨ।