ਡੇਅਰੀ ਕੰਪਲੈਕਸ ਦੇ ਬਲਾਕਾਂ ’ਚ ਗੰਦਾ ਪਾਣੀ ਭਰਿਆ
ਇੱਥੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਬੀ ਅਤੇ ਸੀ ਬਲਾਕ ਦੀਆਂ ਗਲੀਆਂ ਗੰਦੇ ਪਾਣੀ ਨਾਲ ਭਰਨ ਕਾਰਨ ਲੋਕ ਪ੍ਰੇਸ਼ਾਨ ਹਨ। ਇਨ੍ਹਾਂ ਬਲਾਕਾਂ ਵਿੱਚ ਲਗਪਗ 120 ਡੇਅਰੀਆਂ ਹਨ। ਲੋਕਾਂ ਦੀ ਮੰਨੀਏ ਤਾਂ 20 ਨਵੰਬਰ ਤੋਂ ਨਗਰ ਨਿਗਮ ਵੱਲੋਂ ਲਗਾਇਆ ਗਿਆ ਇੰਫੂਲੈਂਟ...
ਇੱਥੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਬੀ ਅਤੇ ਸੀ ਬਲਾਕ ਦੀਆਂ ਗਲੀਆਂ ਗੰਦੇ ਪਾਣੀ ਨਾਲ ਭਰਨ ਕਾਰਨ ਲੋਕ ਪ੍ਰੇਸ਼ਾਨ ਹਨ। ਇਨ੍ਹਾਂ ਬਲਾਕਾਂ ਵਿੱਚ ਲਗਪਗ 120 ਡੇਅਰੀਆਂ ਹਨ। ਲੋਕਾਂ ਦੀ ਮੰਨੀਏ ਤਾਂ 20 ਨਵੰਬਰ ਤੋਂ ਨਗਰ ਨਿਗਮ ਵੱਲੋਂ ਲਗਾਇਆ ਗਿਆ ਇੰਫੂਲੈਂਟ ਟ੍ਰੀਟਮੈਂਟ ਪਲਾਂਟ (ਈ ਟੀ ਪੀ) ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਜਿਸ ਕਾਰਨ ਡੇਅਰੀਆਂ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਵਾਪਸ ਆ ਰਿਹਾ ਹੈ। ਡੇਅਰੀ ਵਾਲਿਆਂ ਨੇ ਦੱਸਿਆ ਕਿ ਜਿਹੜਾ ਗੰਦਾ ਪਾਣੀ ਬਾਓਗੈਸ ਪਲਾਂਟ ਵਿੱਚ ਜਾਣਾ ਚਾਹੀਦਾ ਹੈ, ਉਹ ਸਿੱਧਾ ਈ ਟੀ ਪੀ ਵਿੱਚ ਜਾ ਰਿਹਾ ਹੈ। ਗੋਹੇ ਕਾਰਨ ਵਾਰ-ਵਾਰ ਈ ਟੀ ਪੀ ਬੰਦ ਹੋ ਰਿਹਾ ਹੈ। ਤਾਜਪੋਰ ਰੋਡ ਡੇਅਰੀ ਐਸੋਸੇਈਸ਼ੇਨ ਦੇ ਪ੍ਰਧਾਨ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਡੇਅਰੀਆਂ ਵਿੱਚ ਖੜ੍ਹੇ ਪਾਣੀ ਦੀ ਸਮੱਸਿਆ ਉਨ੍ਹਾਂ ਨੇ ਨਗਰ ਨਿਗਮ ਤੇ ਸੀਵਰੇਜ ਬੋਰਡ ਦੋਵਾਂ ਅਧਿਕਾਰੀਆਂ ਦੇ ਸਾਹਮਣੇ ਰੱਖੀ ਸੀ ਪਰ ਉਸ ਦਾ ਹਾਲੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਨੇ ਪਿਛਲੇ ਦਿਨੀਂ ਧਰਨਾ ਦਿੱਤਾ ਸੀ ਤਾਂ ਇੱਕ ਦਿਨ ਲਈ ਆਰਜ਼ੀ ਹੱਲ ਕੀਤਾ ਗਿਆ ਸੀ। ਉਸ ਤੋਂ ਬਾਅਦ ਹਾਲਾਤ ਫਿਰ ਹੋਰ ਪ੍ਰੇਸ਼ਾਨੀ ਵਾਲੇ ਹੋ ਗਏ। ਪਹਿਲਾਂ ਸਿਰਫ਼ ਸੀ ਬਲਾਕ ਵਿੱਚ ਪਾਣੀ ਸੀ, ਹੁਣ ਬੀ ਬਲਾਕ ਵਿੱਚ ਪਾਣੀ ਪਾਣੀ ਹੋ ਗਿਆ ਹੈ। ਈ ਟੀ ਪੀ ਪਲਾਂਟ ਲਗਾਉਣ ਦਾ ਕੋਈ ਫਾਇਦਾ ਨਹੀਂ ਹੈ। ਨਗਰ ਨਿਗਮ ਨੇ ਅਧੂਰੇ ਪ੍ਰਬੰਧ ਕਰ ਕੇ ਡੇਅਰੀ ਵਾਲਿਆਂ ਦਾ ਪਾਣੀ ਬੁੱਢੇ ਦਰਿਆ ਵਿੱਚ ਪਾਉਣ ਤੋਂ ਰੋਕ ਦਿੱਤਾ ਹੈ ਜਿਸ ਕਰਕੇ ਇਹ ਸਾਰੀ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਮੱਸਿਆ ਦੇ ਹੱਲ ਲਈ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਿਲਣਗੇ ਪਰ ਫਿਰ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਉਹ ਰੋਡ ਜਾਮ ਕਰ ਮੁਜ਼ਾਹਰਾ ਕਰਨਗੇ। ਰ ਨਿਗਮ ਅਧਿਕਾਰੀ ਬਲਰਾਜ ਸਿੰਘ ਦਾ ਕਹਿਣਾ ਹੈ ਕਿ ਗੋਹਾ ਨਾ ਚੁੱਕਣ ਕਾਰਨ ਉਥੇ ਪਲਾਂਟ ਜਾਮ ਹੋ ਗਿਆ ਹੈ। ਟੀਮ ਉਸ ’ਤੇ ਕੰਮ ਕਰ ਰਹੀ ਹੈ ਤੇ ਇੱਕ ਦੋ ਦਿਨਾਂ ਵਿੱਚ ਪਲਾਂਟ ਚਾਲੂ ਹੋਵੇਗਾ।

