ਡਿਜੀਟਲ ਪ੍ਰੈੱਸ ਕਲੱਬ ਨੇ ਵਿਸ਼ਵ ਡਿਜਿਟਲ ਪ੍ਰੈੱਸ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜੁਲਾਈ
ਇਥੋਂ ਦੇ ਡਿਜੀਟਲ ਪ੍ਰੈੱਸ ਕਲੱਬ ਨੇ ਅੱਜ ਵਿਸ਼ਵ ਡਿਜੀਟਲ ਪ੍ਰੈੱਸ ਦਿਵਸ ਅਤੇ ਡਿਜੀਟਲ ਪ੍ਰੈੱਸ ਕਲੱਬ ਦੀ 7ਵੀਂ ਵਰ੍ਹੇਗੰਢ ਮੌਕੇ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਹਰ ਜ਼ਿਲ੍ਹੇ ਅੰਦਰ ਪ੍ਰੈੱਸ ਕਲੱਬ ਬਣਾਉਣ ਦੀ ਦਿੱਤੀ ਗਰਾਂਟੀ ਨੂੰ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਉਹ ਪ੍ਰੈੱਸ ਕਲੱਬ, ਡਿਜੀਟਲ ਮੀਡੀਆ ਲਈ ਪੀਲੇ ਕਾਰਡ ਜਾਰੀ ਕਰਨ ਸਮੇਤ ਸਾਰੀਆਂ ਮੰਗਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਡਿਜੀਟਲ ਮੀਡੀਆ ਨਾਲ ਸਬੰਧਿਤ ਪੱਤਰਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ’ਚ ਇਸੇ ਡਿਜੀਟਲ ਪਲੈਟਫਾਰਮ ਦਾ ਬਹੁਤ ਵੱਡਾ ਯੋਗਦਾਨ ਹੈ। ਪ੍ਰਧਾਨ ਸਰਬਜੀਤ ਸਿੰਘ ਕੋਛੜ ਨੇ ਪੰਜਾਬ ਸਰਕਾਰ ਲਈ ਮੰਗ ਪੱਤਰ ਦਿੱਤਾ ਜੋ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਪੜ੍ਹ ਕੇ ਸੁਣਾਇਆ।