ਢੱਕੀ ਸਾਹਿਬ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ
ਪੰਜਾਬ ਵਿੱਚ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਸ਼੍ਰੋਮਣੀ ਕਮੇਟੀ, ਸੰਸਥਾਵਾਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਲੋਕਾਂ ਵਲੋਂ ਰਾਹਤ ਸੇਵਾਵਾਂ ਲਗਾਤਾਰ ਪਹੁੰਚਾਈਆਂ ਜਾ ਰਹੀਆਂ ਹਨ ਉੱਥੇ ਹੀ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਦਰਸ਼ਨ ਸਿੰਘ ਵੱਲੋਂ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਅੰਨ੍ਹ ਪਾਣੀ ਤੇ ਜ਼ਰੂਰੀ ਵਸਤਾਂ ਸਣੇ ਪਸ਼ੂਆਂ ਲਈ ਹਰੇ ਅਚਾਰ ਦਾ ਵੀ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ।
ਭਾਈ ਗੁਰਦੀਪ ਸਿੰਘ ਢੱਕੀ ਸਾਹਿਬ ਤੇ ਭਾਈ ਹਰਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਭਾਵੇਂ ਸੰਤ ਦਰਸ਼ਨ ਸਿੰਘ ਖਾਲਸਾ ਅਮਰੀਕਾ ਵਿੱਚ ਧਰਮ ਪ੍ਰਚਾਰ ਲਈ ਗਏ ਹੋਏ ਹਨ ਪਰ ਫਿਰ ਵੀ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਤੇ ਪਸ਼ੂ ਪੰਛੀਆਂ ਦੇ ਰਾਹਤ ਕਾਰਜਾਂ ਵਿੱਚ ਮਹਾਂਪੁਰਸ਼ਾਂ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਮਹਾਂਪੁਰਸ਼ਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ, ਪੱਖੋਕੇ, ਸ਼ਹਿਜਾਦਾ ਤੇ ਘੋਨੇਵਾਲ ਪਿੰਡਾਂ ਦੇ ਲੋਕਾਂ ਦੀ ਮੰਗ ਤੇ ਲੋੜ ਅਨੁਸਾਰ ਪਸ਼ੂਆਂ ਲਈ ਹਰਾ ਅਚਾਰ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਖਾਣ ਪੀਣ ਵਾਲੀਆਂ ਜ਼ਰੂਰੀ ਵਸਤੂਆਂ, ਡੀਜ਼ਲ ਤੇਲ, ਮੱਛਰਦਾਨੀਆਂ, ਤਰਪਾਲਾਂ ਆਦਿਕ ਵੱਡੀ ਸਮੱਗਰੀ ਨਾਲ ਭਰੀਆਂ ਟਰਾਲੀਆਂ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਜਦੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਪਾਣੀ ਉਤਰ ਜਾਵੇਗਾ ਤਾਂ ਲੋਕਾਂ ਲਈ ਜਲਦੀ ਹੀ ਰੋਜਮਰਾ ਦੀ ਜਿੰਦਗੀ ਵਿੱਚ ਵਰਤੀਆਂ ਜਾਣ ਵਾਲੀਆਂ ਰਸਦਾਂ ਵਸਤਾਂ ਭੇਜੀਆਂ ਜਾਣਗੀਆਂ।
ਉਨ੍ਹਾਂ ਦੱਸਿਆਂ ਕਿ ਮਹਾਂਪੁਰਖ ਜਿੱਥੇ ਆਪ ਉਹ ਹਰ ਰੋਜ ਹੜ੍ਹਾਂ ਦੇ ਬਚਾਉ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰ ਰਹੇ ਹਨ ਉੱਥੇ ਉਨ੍ਹਾਂ ਸੰਗਤ ਨੂੰ ਵੀ ਬੇਨਤੀ ਕੀਤੀ ਹੈ ਸਾਰੇ ਰਲ ਮਿਲ ਕੇ ਇਸ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਹੜ੍ਹਾਂ ਦੇ ਬਚਾਉ ਸੁਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨ। ਅੱਜ ਹੜ੍ਹ ਪੀੜਤਾਂ ਲਈ ਭਾਈ ਕੁਲਵੰਤ ਸਿੰਘ, ਮਨਪ੍ਰੀਤ ਸਿੰਘ, ਜੀਤ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਗੁਰਲਾਲ ਸਿੰਘ, ਪ੍ਰਤਾਪ ਸਿੰਘ ਹਰਬਖਸ਼ੀਸ਼ ਸਿੰਘ, ਅਰਸ਼ਦੀਪ ਸਿੰਘ ਤੇ ਗੁਰਸੇਵਕ ਸਿੰਘ ਆਦਿਕ ਸੇਵਾਦਾਰ ਤਪੋਬਣ ਢੱਕੀ ਸਾਹਿਬ ਤੋਂ ਰਸਦਾਂ ਵਸਤਾਂ ਦੀਆਂ ਟਰਾਲੀਆਂ ਭਰ ਕੇ ਰਵਾਨਾ ਹੋਏ ਹਨ।