ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਇਥੇ ਯੂਥ ਆਗੂ ਜਸਕਰਨ ਦਿਓਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪਾਰਟੀ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰੀ ਵਿਰੋਧ ਤੋਂ ਹੁਣ ਭਗਵੰਤ ਮਾਨ ਸਰਕਾਰ ਲੈਂਡ ਪੂਲਿੰਗ ਨੀਤੀ ਵਿੱਚ ਬਦਲਾਅ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਮੰਤਰੀ ਮੰਡਲ ਨੇ ਇਸ ਨੀਤੀ ਵਿੱਚ ਕੁਝ ਬਦਲਾਅ ਕਰਨ ਦਾ ਐਲਾਨ ਕੀਤਾ। ਕਿਸਾਨਾਂ ਨੂੰ ਸੁਚੇਤ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਇਹ ਸਭ ਕੁਝ ਕਿਸਾਨਾਂ ਨੂੰ ਇਸ ਨੀਤੀ ਵਿੱਚ ਫਸਾਉਣ ਲਈ ਹੋ ਰਿਹਾ ਹੈ ਅਤੇ ਜਦੋਂ ਕਿਸਾਨ ਇਕ ਵਾਰ ਇਸ ਵਿੱਚ ਫਸ ਗਏ ਤਾਂ ਉਨ੍ਹਾਂ ਪੱਲੇ ਸਿਵਾਏ ਪਛਤਾਵੇ ਦੇ ਕੁਝ ਨਹੀਂ ਰਹਿਣਾ। ਜਸਕਰਨ ਦਿਓਲ ਨੇ ਕਿਹਾ ਕਿ ਇਸ ਨੀਤੀ ਦੀ ਸਭ ਤੋਂ ਵੱਧ ਮਾਰ ਲੁਧਿਆਣਾ ਜ਼ਿਲ੍ਹੇ ’ਤੇ ਪੈ ਰਹੀ ਹੈ ਜਿਸ ਵਿੱਚ ਦਾਖਾ ਹਲਕੇ ਦਾ ਵੱਡਾ ਹਿੱਸਾ ਵੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਕਲੋਨੀ ਬਣਨ ਤੱਕ ਕਿਸਾਨਾਂ ਨੂੰ ਜ਼ਮੀਨ ’ਤੇ ਖੇਤੀ ਕਰਨ ਦੀ ਇਜਾਜ਼ਤ ਦੇ ਰਹੀ ਹੈ ਅਤੇ 50 ਹਜ਼ਾਰ ਰੁਪਏ ਪ੍ਰਤੀ ਏਕੜ ਸਾਲਾਨਾ ਦੇਣ ਦਾ ਮੰਤਰੀ ਮੰਡਲ ਨੇ ਫ਼ੈਸਲਾ ਕੀਤਾ ਹੈ। ਇਸ ਸਭ ਭਰਮਾਉਣ ਲਈ ਹੋ ਰਿਹਾ ਹੈ ਜਦਕਿ ਸਾਰੇ ਜਾਣਦੇ ਹਨ ਕਿ ਖਸਰਾ ਨੰਬਰ ਵਾਲੇ ਇਸ਼ਤਿਹਾਰ ਦੇ ਕੇ ਸਰਕਾਰ ਨੇ ਇਨ੍ਹਾਂ ਜ਼ਮੀਨਾਂ ਦੀ ਸੀਐੱਲਯੂ ਵੀ ਰੋਕ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵੀ ਇਸ ਨੀਤੀ ਖ਼ਿਲਾਫ਼ ਲਾਮਿਸਾਲ ਧਰਨਾ ਦਿੱਤਾ। ਭਵਿੱਖ ਵਿੱਚ ਵੀ ਪੰਜਾਬ ਦੀ ਇਹ ਖੇਤਰੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੀ ਰਹੇਗੀ। ਉਨ੍ਹਾਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਧਰਨੇ ਵਿੱਚ ਮੁੱਲਾਂਪੁਰ ਦਾਖਾ ਤੋਂ ਕਈ ਬੱਸਾਂ ਤੇ ਦੋ ਦਰਜਨ ਕਾਰਾਂ ਨਾਲ ਧਰਨੇ ਵਿੱਚ ਸ਼ਮੂਲੀਅਤ ਕਰਨ ਦਾ ਦਾਅਵਾ ਕੀਤਾ। ਇਸ ਮੌਕੇ ਸਵਰਨ ਸਿੰਘ ਛੱਜਾਵਾਲ, ਸੁਖਪਾਲ ਸਿੰਘ ਈਸੇਵਾਲ, ਗੁਰਦੀਪ ਸਿੰਘ ਫੱਲੇਵਾਲ, ਨਿਰਮਲ ਸਿੰਘ ਰਤਨ, ਚਮਕੌਰ ਸਿੰਘ ਉੱਭੀ, ਗੁਰਮੀਤ ਸਿੰਘ ਘੁੰਗਰਾਣਾ, ਅੰਮ੍ਰਿਤਪਾਲ ਸਿੰਘ ਖੰਡੂਰ, ਜਥੇਦਾਰ ਜਗਰੂਪ ਸਿੰਘ ਗੁੱਜਰਵਾਲ, ਬਲਰਾਜ ਸਿੰਘ, ਗੁਰਦੀਪ ਸਿੰਘ ਕਾਕਾ ਸਵੱਦੀ, ਸਰਪੰਚ ਹਰਿੰਦਰ ਸਿੰਘ ਈਸੇਵਾਲ, ਜਥੇਦਾਰ ਪ੍ਰਿਤਪਾਲ ਸਿੰਘ ਜੋਧਾਂ, ਗੁਰਿੰਦਰ ਸਿੰਘ ਸੇਖੋਂ ਆਦਿ ਅਕਾਲੀ ਆਗੂ ਹਾਜ਼ਰ ਸਨ।