ਸ਼ਹਿਰ ਅਤੇ ਆਸ-ਪਾਸ ਦੇ ਸਰਕਾਰੀ ਸਕੂਲਾਂ ਵਿੱਚ ਗੈਰ ਸੁਰੱਖਿਅਤ ਕਮਰੇ/ਇਮਾਰਤਾਂ ਦਾ ਨਿਰੀਖਣ ਕਰਨ ਲਈ ਡੀਈਓ ਐਲੀਮੈਂਟਰੀ ਰਵਿੰਦਰ ਕੌਰ ਵੱਲੋਂ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ। ਇਸ ਦੌਰਾਨ ਕਈ ਸਕੂਲਾਂ ਵਿੱਚ ਕਮਰੇ ਅਨਸੇਫ ਲੱਗੇ ਜਦਕਿ ਕਈ ਸਕੂਲਾਂ ’ਚ ਪੜ੍ਹਾਈ ਦਾ ਮਾਹੌਲ ਅਤੇ ਮਿੱਡ-ਡੇਅ ਮੀਲ ਦੇ ਪ੍ਰਬੰਧ ਵਧੀਆ ਪਾਏ ਗਏ।
ਸਰਕਾਰੀ ਸਕੂਲਾਂ ਵਿੱਚ ਗੈਰ ਸੁਰੱਖਿਅਤ ਕਮਰਿਆਂ/ਇਮਾਰਤਾਂ ਦੀ ਪਛਾਣ ਕਰਨ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀਈਓ ਪ੍ਰਾਇਮਰੀ ਰਵਿੰਦਰ ਕੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਡਵੀਜ਼ਨ ਨੰਬਰ ਤਿੰਨ, ਸਰਕਾਰੀ ਪ੍ਰਾਇਮਰੀ ਸਕੂਲ ਮਾਧੋਪੁਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੱਕੜ ਬਾਜ਼ਾਰ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਡਵੀਜ਼ਨ ਨੰਬਰ ਤਿੰਨ ਦੇ ਸਰਕਾਰੀ ਸਕੂਲ ਵਿੱਚ ਇੱਕ ਕਮਰੇ ਦੇ ਨਾਲ ਇੱਕ ਸਟੋਰ ਰੂਮ ਅਨਸੇਫ ਲੱਗਿਆ।
ਸਕੂਲ ਵਿੱਚ ਪੜ੍ਹਾਈ ਵਧੀਆ ਕਰਵਾਈ ਜਾ ਰਹੀ ਸੀ ਅਤੇ ਮਿੱਡ-ਡੇਅ ਮੀਲ ਦਾ ਪ੍ਰਬੰਧ ਵੀ ਠੀਕ ਸੀ। ਮਿਸ਼ਨ ਸਮਰੱਥ ਅਧੀਨ ਬੱਚਿਆਂ ਦਾ ਪੱਧਰ ਵੀ ਤਸੱਲੀ ਬਖਸ਼ ਪਾਇਆ ਗਿਆ। ਲੱਕੜ ਬਾਜ਼ਾਰ ਦਾ ਸਕੂਲ ਜੋ ਮਲਟੀਪਰਪਜ਼ ਵਿੱਚ ਚੱਲ ਰਿਹਾ ਹੈ। ਇਸ ਵਿੱਚ ਰਸੌਈ ਦੇ ਨਾਲ ਲੱਗਦਾ ਵਰਾਂਡਾ ਅਨਸੇਫ ਲੱਗਿਆ। ਇਸ ਦੌਰਾਨ ਸਕੂਲ ਮੁਖੀ ਨੂੰ ਸਫਾਈ ਸਬੰਧੀ ਵਿਸ਼ੇਸ਼ ਹਦਾਇਤ ਵੀ ਕੀਤੀ ਗਈ। ਮਾਧੋਪੁਰੀ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਸਹੀ ਪਾਇਆ ਗਿਆ ਪਰ ਸਕੂਲ ਦੀ ਸਫਾਈ ਨੂੰ ਲੈ ਕੇ ਅਤੇ ਮੁੱਖ ਗੇਟ ’ਤੇ ਕੂੜੇ ਨੂੰ ਲੈ ਕੇ ਸਕੂਲ ਮੁਖੀ ਨੂੰ ਨਗਰ ਕੌਂਸਲਰ ਨਾਲ ਰਾਬਤਾ ਬਣਾ ਕੇ ਸਫਾਈ ਕਰਵਾਉਣ ਸਬੰਧੀ ਹਦਾਇਤ ਕੀਤੀ ਗਈ।