ਇਥੋਂ ਦੇ ਸਲੇਮ ਟਾਬਰੀ ਸਥਿਤ ਡਾ. ਡੀਐਨ ਕੋਟਨਿਸ ਐਕਿਊਪੰਕਚਰ ਹਸਪਤਾਲ ਵਿੱਚ ਡੈਂਟਲ ਵਿਭਾਗ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦਾ ਉਦਘਾਟਨ ਅੱਜ ਹਸਪਤਾਲ ਵਿੱਚ ਦੰਦਾਂ ਤੇ ਆਮ ਬਿਮਾਰੀਆਂ ਦੀ ਜਾਂਚ ਕੈਂਪ ਦੇ ਨਾਲ ਵੀਰ ਚਕਰ ਵਿਜੇਤਾ ਰਿਟਾਇਰਡ ਐਚਐਸ ਕਾਹਲੋਂ ਅਤੇ ਸਰਬੱਤ ਦਾ ਭਲਾ ਟਰੱਸਟ ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਵੱਲੋਂ ਕੀਤਾ ਗਿਆ।
ਇਸ ਮੌਕੇ ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸੰਦੀਪ ਚੋਪੜਾ ਨਾਲ ਡਾ. ਸੁਨੀਲ ਸ਼ਰਮਾ ਨੇ ਕੈਂਪ ‘ਚ ਆਏ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ, ਜਦਕਿ ਆਮ ਬਿਮਾਰੀਆਂ ਦੀ ਜਾਂਚ ਡਾ. ਸ਼ਿਆਮ ਸੁੰਦਰ ਸਿੰਗਲਾ ਤੇ ਡਾ. ਕੁਨਾਲ ਕੌਸ਼ਲ ਵੱਲੋਂ ਕੀਤੀ ਗਈ। ਇਸ ਕੈਂਪ ਵਿੱਚ 176 ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ। ਇਸ ਮੌਕੇ ਡਾ. ਇੰਦਰਜੀਤ ਸਿੰਘ ਢੀਂਗਰਾ, ਹਸਪਤਾਲ ਦੇ ਜਨਰਲ ਸਕੱਤਰ ਇਕਬਾਲ ਸਿੰਘ ਗਿੱਲ ਅਤੇ ਜਸਵੰਤ ਸਿੰਘ ਛਾਪਾ ਨੇ ਦੱਸਿਆ ਕਿ ਡਾ. ਕੋਟਨਿਸ ਅਤੇ ਉਨ੍ਹਾਂ ਨਾਲ ਗਏ ਡਾ. ਬਾਸੂ ਦੇ ਮਨੁੱਖਤਾ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਸ੍ਰੀਨਗਰ, ਭੋਪਾਲ, ਚੇਨਈ ਅਤੇ ਲੁਧਿਆਣਾ ਵਿੱਚ ਇਸ ਤਰ੍ਹਾਂ ਦੇ ਕੈਂਪ ਲਗਾਏ ਗਏ ਹਨ। ਇੱਥੇ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਐਕਿਊਪੰਕਚਰ, ਦਵਾਈ ਤੇ ਡੈਂਟਲ ਚਿਕਿਤਸਾ ਪ੍ਰਣਾਲੀ ਰਾਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਅਸ਼ਵਨੀ ਵਰਮਾ, ਦਿਨੇਸ਼ ਰਾਠੌੜ, ਰੇਸ਼ਮ ਨੱਤ, ਡਾ. ਰਘਬੀਰ ਸਿੰਘ, ਡਾ. ਬਲਜਿੰਦਰ ਸਿੰਘ ਢਿੱਲੋਂ, ਡਾ. ਉਪਿੰਦਰ ਸਿੰਘ ਅਤੇ ਸੁਸ਼ੀਲ ਸੂਦ ਵੀ ਹਾਜ਼ਰ ਸਨ।