ਚਾਂਦ ਕਾਲੋਨੀ ’ਚ ਡੇਂਗੂ ਦੇ ਲਾਰਵੇ ਦੀ ਜਾਂਚ
ਸਿਹਤ ਵਿਭਾਗ ਵੱਲੋਂ ਅੱਜ ਚਾਂਦ ਕਾਲੋਨੀ ਵਿੱਚ ਘਰ-ਘਰ ਜਾ ਕੇ ਡੇਂਗੂ ਬਾਰੇ ਜਾਗਰੂਕਤਾ ਤੇ ਮੱਛਰਾਂ ਦੇ ਬਰੀਡਿੰਗ ਸਥਾਨਾਂ ਦੀ ਜਾਂਚ ਕੀਤੀ ਗਈ। ਇਹ ਮੁਹਿੰਮ ਸਿਵਲ ਸਰਜਨ, ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਚਲਾਈ ਗਈ।
ਇਸ ਮੌਕੇ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਆਪਣਾ ਕੰਮ ਜ਼ਿੰਮੇਵਾਰੀ ਨਾਲ ਨਿਭਾਅ ਰਿਹਾ ਹੈ, ਪਰ ਲੋਕਾਂ ਦੀ ਭੂਮਿਕਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਰ ਨਾਗਰਿਕ ਆਪਣੇ ਆਲੇ-ਦੁਆਲੇ ਸਫਾਈ ਨਹੀਂ ਰੱਖੇਗਾ ਉਦੋਂ ਤੱਕ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਰੋਕਣਾ ਔਖਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਿਹਤ ਟੀਮਾਂ ਨਾਲ ਸਹਿਯੋਗ ਕਰਣ ਅਤੇ ਘਰ ਦੇ ਅੰਦਰ ਤੇ ਬਾਹਰ ਖੜ੍ਹੇ ਪਾਣੀ ਨੂੰ ਹਟਾਉਣ ਦੀ ਆਦਤ ਬਣਾਉਣ ਦੀ ਅਪੀਲ ਕੀਤੀ।
ਇਹ ਮੁਹਿੰਮ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਸ਼ੀਤਲ ਨਰੰਗ ਦੀ ਅਗਵਾਈ ਹੇਠ ਮਲਟੀਪਰਪਿਜ਼ ਹੈਲਥ ਵਰਕਰ (ਮੇਲ) ਅਤੇ ਬਰੀਡਿੰਗ ਚੈੱਕਰਾਂ ਵੱਲੋਂ ਕੀਤੀ ਗਈ। ਟੀਮ ਨੇ ਕਈ ਘਰਾਂ ਦੀ ਜਾਂਚ ਕੀਤੀ, ਜਿਸ ਦੌਰਾਨ ਕੂਲਰ, ਗਮਲੇ, ਟਾਇਰਾਂ ਅਤੇ ਹੋਰ ਫਾਲਤੂ ਸਾਮਾਨ ਵਿੱਚ ਇਕੱਠੇ ਹੋਏ ਪਾਣੀ ਦੀ ਜਾਂਚ ਕੀਤੀ ਗਈ। ਇਸ ਦੌਰਾਨ ਜਿੱਥੇਵੀ ਲਾਰਵਾ ਮਿਲਿਆ, ਉਸ ਨੂੰ ਤੁਰੰਤ ਨਸ਼ਟ ਕੀਤਾ ਗਿਆ। ਸਿਹਤ ਟੀਮ ਵੱਲੋ ਹਰੇਕ ਘਰ ਨੂੰ ਹਫਤੇ ਦੇ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇ ਰੱਖਦੇ ਹੋਏ ‘ਹਰ ਸ਼ੁੱਕਰਵਾਰ ਡੇਗੂ ਤੇ ਵਾਰ’ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ। ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀ ਰਜਿੰਦਰ ਸਿੰਘ ਵੱਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਉਸ ਦੇ ਇਲਾਜ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ, ਪੈਂਫਲਟ ਵੰਡੇ ਗਏ ਤੇ ਲੋਕਾਂ ਨਾਲ ਗੱਲਬਾਤ ਕਰਕੇ ਉਨਾਂ ਨੂੰ ਸਾਵਧਾਨ ਕੀਤਾ ਗਿਆ।