ਇਜ਼ਰਾਈਲ ਵੱਲੋਂ ਗਾਜਾ ਪੱਟੀ ਵਿੱਚ ਇਕ ਲੱਖ ਪੈਂਤੀ ਹਜ਼ਾਰ ਫੌਜੀ ਉਤਾਰ ਕੇ ਗਾਜਾ ਨੂੰ ਦੂਨੀਆਂ ਦੇ ਨਕਸ਼ੇ ਤੋਂ ਮਿਟਾਉਣ ਦੀ ਸਾਜਿਸ਼ ਖ਼ਿਲਾਫ਼ ਅੱਜ ਜਗਰਾਉਂ ਵਿੱਚ ਇਨਸਾਫ ਤੇ ਅਮਨਪਸੰਦ ਲੋਕਾਂ ਨੇ ਮੁਜ਼ਾਹਰਾ ਕੀਤਾ। ਸਥਾਨਕ ਰਾਣੀ ਝਾਂਸੀ ਚੌਕ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਸੱਦੇ ’ਤੇ ਵੱਖ ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਮੁਜ਼ਾਹਰਾ ਕਰਦਿਆਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਸ ਦੇ ਲੰਗੋਟੀਏ ਯਾਰ ਸੰਸਾਰ ਅਮਨ ਦੇ ਖੂੰਖਾਰ ਦੁਸ਼ਮਣ ਡੋਨਾਲਡ ਟਰੰਪ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ ਕਤਲੇਆਮ ਤੇ ਤਬਾਹੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਸੀਨੀਅਰ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਅਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਫਲੀਸਤੀਨੀ ਲੋਕਾਂ ਦੇ ਦੇਸ਼ ’ਤੇ ਕਬਜ਼ਾ ਕਰਕੇ 65 ਹਜ਼ਾਰ ਲੋਕਾਂ ਦਾ ਕਤਲੇਆਮ ਕਰਕੇ, 300 ਪੱਤਰਕਾਰਾਂ ਨੂੰ ਮਾਰ ਕੇ, ਖੁਰਾਕ ਹਾਸਲ ਕਰਨ ਲਈ ਇੱਕਤਰ ਹੋਏ ਲੋਕਾਂ ’ਤੇ ਗੋਲੀਆਂ ਚਲਾ ਕੇ ਹੁਣ ਤਕ 2800 ਲੋਕਾਂ ਨੂੰ ਮਾਰ ਦਿੱਤਾ ਗਿਆ ਹੈ।
ਇਸ ਸਮੇਂ ਤਕ ਪਿਛਲੇ ਦੋ ਸਾਲਾਂ ਵਿੱਚ ਅੱਸੀ ਫ਼ੀਸਦ ਲੋਕ ਘਰੋਂ ਬੇਘਰ ਹੋ ਚੁੱਕੇ ਹਨ। ਖੁਰਾਕ ਨਾ ਮਿਲਣ ਕਾਰਨ ਹੁਣ ਤਕ ਭੁੱਖ ਨਾਲ ਸੈਂਕੜੇ ਬੱਚੇ ਮਰ ਚੁੱਕੇ ਹਨ। ਹਰ ਵੇਲੇ ਸੂਲੀ ’ਤੇ ਟੰਗੀ ਜ਼ਿੰਦਗੀ ਜੀਅ ਰਹੇ ਫਲੀਸਤੀਨੀਆ ਦਾ ਪਲ-ਪਲ ਖੌਫ ਤੇ ਦਹਿਸ਼ਤ ਵਿੱਚ ਨਿਕਲ ਰਿਹਾ ਹੈ। 85 ਫ਼ੀਸਦ ਗਾਜਾ ਦਾ ਹਿੱਸਾ ਇਜ਼ਰਾਈਲ ਵਲੋਂ ਫਲੀਸਤੀਨੀਆਂ ਲਈ ਨੋ ਐਂਟਰੀ ਜ਼ੋਨ ਐਲਾਨਿਆ ਜਾ ਚੁੱਕਾ ਹੈ। ਅਸਲ ਵਿੱਚ ਅਮਰੀਕਾ ਨੇ ਇਜ਼ਰਾਈਲ ਨੂੰ ਹੁਣ ਤਕ ਅਰਬਾਂ ਖਰਬਾਂ ਦੇ ਹਥਿਆਰ ਤੇ ਆਰਥਿਕ ਮਦਦ ਕੀਤੀ ਹੀ ਇਸ ਲਈ ਹੈ ਤਾਂ ਕਿ ਉਹ ਅਰਬ ਦੇਸ਼ਾਂ ਦੇ ਤੇਲ 'ਤੇ ਕਬਜ਼ਾ ਰੱਖ ਸਕੇ। ਇਸ ਮੌਕੇ ਮਾਸਟਰ ਜਸਵੰਤ ਸਿੰਘ ਕਲੇਰ, ਮਜ਼ਦੂਰ ਆਗੂ ਅਵਤਾਰ ਸਿੰਘ ਬਿੱਲਾ ਨੇ ਫਲੀਸਤੀਨ 'ਤੇ ਠੋਸੀ ਨਿਹੱਕੀ ਜੰਗ ਤੁਰਤ ਬੰਦ ਕਰਨ ਅਤੇ ਫਲੀਸਤੀਨ ਦੀ ਆਜ਼ਾਦੀ ਬਹਾਲ ਕਰਨ ਦੀ ਮੰਗ ਕੀਤੀ। ਮੁਜ਼ਾਹਰੇ ਵਿੱਚ ਮਾਸਟਰ ਅਵਤਾਰ ਸਿੰਘ, ਸੁਰਜੀਤ ਸਿੰਘ ਦੌਧਰ, ਗੁਰਮੇਲ ਸਿੰਘ ਰੂਮੀ, ਮੁਖਤਿਆਰ ਸਿੰਘ, ਕੁਲਦੀਪ ਸਿੰਘ ਕੀਪਾ, ਲਖਵੀਰ ਸਿੰਘ ਸਮਰਾ, ਸੁਦਰਸ਼ਨ ਕੁਮਾਰ, ਗੁਰਪ੍ਰੀਤ ਸਿੰਘ, ਮੁਹਮੰਦ ਅਸ਼ਰਫ, ਅਵਤਾਰ ਸਿੰਘ ਗਗੜਾ, ਦੇਵ ਰਾਜ ਆਦਿ ਸ਼ਾਮਲ ਸਨ।