ਯੂਪੀ ਪ੍ਰਸ਼ਾਸਨ ਵੱਲੋਂ ਮੁਸਲਮਾਨਾਂ ਤੇ ਆਈ ਲਵ ਮੁਹੰਮਦ ਨੂੰ ਲੈ ਕੇ ਕੀਤੇ ਗਏ ਮੁਕੱਦਮੇ ਖ਼ਿਲਾਫ਼ ਅੱਜ ਮੁਸਲਿਮ ਭਾਈਚਾਰੇ ਵੱਲੋਂ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਯੂਪੀ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ।
ਫੀਲਡ ਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਵਿਸ਼ਵ ਭਰ ਦੇ ਹਰ ਇੱਕ ਮੁਸਲਮਾਨ ਦਾ ਆਈ ਲਵ ਮੁਹੰਮਦ ਕਹਿਣਾ ਫਰਜ਼ ਹੈ ਕਿਉਂਕਿ ਪੈਗੰਬਰ ਮੁਹੰਮਦ ਸਲੱਲਾਹੁ ਅਲੈਹੀ ਵਸੱਲਮ ਦੇ ਨਾਲ ਇਸ਼ਕ ਸਾਡੇ ਇਮਾਨ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਅਸੀਂ ਇਸ ਦਾ ਇਜ਼ਹਾਰ ਦਿਲ ਅਤੇ ਜ਼ੁਬਾਨ ਤੋਂ ਨਹੀਂ ਕਰਦੇ ਉਸ ਸਮੇਂ ਤੱਕ ਅਸੀਂ ਮੁਸਲਮਾਨ ਨਹੀਂ ਹੋ ਸਕਦੇ।
ਸ਼ਾਹੀ ਇਮਾਮ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਆਪਣੇ ਨਬੀ ਦੇ ਨਾਲ ਇਸ਼ਕ ਕਰਨ ਤੋਂ ਰੋਕ ਨਹੀਂ ਸਕਦੀ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਆਈ ਲਵ ਮੁਹੰਮਦ ਦੀ ਪੋਸਟ ਪਾਉਣ ਵਾਲੇ ਖ਼ਿਲਾਫ਼ ਪੁਲੀਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ ਜੋਂ ਮੁਸਲਿਮ ਭਾਈਚਾਰੇ ਦੀ ਆਸਥਾ ਤੇ ਹਮਲਾ ਹੈ਼। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਵਾਲੇ ਯੂਪੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬਰਖ਼ਾਸਤ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਯੂਪੀ ਸਰਕਾਰ ਲਗਾਤਾਰ ਦੁਨੀਆਂ ਭਰ ਵਿੱਚ ਭਾਰਤ ਦੇ ਅਕਸ ਨੂੰ ਖਰਾਬ ਕਰ ਰਹੀ ਹੈ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਲਈ ਇੱਕ ਮੰਗ ਪੱਤਰ ਏਡੀਸੀ ਰੁਪਿੰਦਰ ਪਾਲ ਸਿੰਘ ਅਤੇ ਏਡੀਸੀਪੀ 1 ਸਮੀਰ ਵਰਮਾ ਨੂੰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਆਈ ਲਵ ਮੁਹੰਮਦ ਦੀ ਪੋਸਟ ਖ਼ਿਲਾਫ਼ ਮੁਕਦਮਾ ਦਰਜ ਕਰਨ ਵਾਲੇ ਯੂਪੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬਰਖ਼ਾਸਤ ਕਰਕੇ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਦੀ ਵਿਭਾਗੀ ਜਾਂਚ ਕਰਾਈ ਜਾਵੇ। ਉਨ੍ਹਾਂ ਗ੍ਰਿਫ਼ਤਾਰ ਕੀਤੇ ਬੇਗੁਨਾਹ ਲੋਕਾਂ ਨੂੰ ਫੌਰੀ ਤੌਰ ’ਤੇ ਰਿਹਾਅ ਕਰਨ ਦੀ ਮੰਗ ਵੀ ਕੀਤੀ।