ਮਾਲਵੇ ਤੇ ਦੋਆਬੇ ਨੂੰ ਜੋੜਦਾ ਸਤਲੁਜ ਦਰਿਆ ’ਤੇ ਬਣਿਆ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਇੱਕ ਸਲੈਬ ਧਸਣ ਕਾਰਨ ਇਸ ਉਪਰੋਂ ਭਾਰੀ ਆਵਾਜਾਈ ਬੰਦ ਕੀਤੀ ਹੋਈ ਹੈ ਜਿਸ ਨਾਲ ਮਾਛੀਵਾੜਾ ਤੋਂ ਲੈ ਕੇ ਰਾਹੋਂ ਤੱਕ ਸੜਕ ਕਿਨਾਰੇ ਦੋਵੇਂ ਪਾਸੇ ਦੁਕਾਨਦਾਰਾਂ ਦਾ ਕੰਮ ਕਾਫ਼ੀ ਪ੍ਰਭਾਵਿਤ ਹੋਇਆ ਪਿਆ ਹੈ। ਅੱਜ ਵੱਡੀ ਗਿਣਤੀ ’ਚ ਦੁਕਾਨਦਾਰਾਂ ਵਲੋਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਸਤਲੁਜ ਦਰਿਆ ਦੀ ਇੱਕ ਸਲੈਬ ਧਸੀ ਹੋਈ ਹੈ ਜਿਸ ਕਾਰਨ ਭਾਰੀ ਆਵਾਜਾਈ ’ਤੇ ਪ੍ਰਸ਼ਾਸਨ ਵਲੋਂ ਰੋਕ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਜਦੋਂ ਤੋਂ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾਈ ਹੈ ਉਸ ਦਿਨ ਤੋਂ ਇਸ ਸੜਕ ’ਤੇ ਬਣੇ ਢਾਬੇ, ਪੈਟਰੋਲ ਪੰਪ, ਮਕੈਨਿਕ ਦੁਕਾਨਾਂ ਅਤੇ ਹੋਰ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਪਿਆ ਹੈ। ਦੁਕਾਨਦਾਰਾਂ ਨੇ ਪੱਤਰ ਲਿਖਿਆ ਕਿ ਹੁਣ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਵੱਲੋਂ ਇਸ ਪੁਲ ਤੋਂ ਭਾਰੀ ਖਾਲੀ ਵਾਹਨ ’ਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਵੀ ਠੱਪ ਹੋ ਕੇ ਰਹਿ ਗਿਆ ਹੈ। ਦੁਕਾਨਦਾਰ ਬਲਵੀਰ ਸਿੰਘ, ਕਰਨੈਲ ਸਿੰਘ, ਤੇਜਵੰਤ ਸਿੰਘ, ਰਜਿੰਦਰ ਸਿੰਘ, ਹਰਬੰਸ ਸਿੰਘ, ਜਰਨੈਲ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਤਲੁਜ ਪੁਲ ਦੀ ਜੋ ਸਲੈਬ ਧਸੀ ਹੈ ਉਸ ਦੀ ਤੁਰੰਤ ਮੁਰੰਮਤ ਕਰਵਾ ਕੇ ਪੁਲ ਨੂੰ ਭਾਰੀ ਆਵਾਜਾਈ ਲਈ ਖੋਲ੍ਹਿਆ ਜਾਵੇ ਅਤੇ ਜਦੋਂ ਤੱਕ ਮੁਰੰਮਤ ਨਹੀਂ ਹੁੰਦੀ, ਉਦੋਂ ਤੱਕ ਖਾਲੀ ਵੱਡੇ ਵਾਹਨ ਪਹਿਲਾਂ ਵਾਂਗ ਆਵਾਜਾਈ ਲਈ ਖੋਲ੍ਹੇ ਜਾਣ।
ਢੋਆ-ਢੁਆਈ ਕਰਨ ਵਾਲਿਆਂ ਦਾ ਹੋ ਰਿਹੈ ਨੁਕਸਾਨ
ਸਤਲੁਜ ਦਰਿਆ ’ਤੇ ਬਣੇ ਪੁਲ ਦੀ ਸਲੈਬ ਦੀ ਮੁਰੰਮਤ ਨਾ ਹੋਣ ਕਾਰਨ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਤੇ ਸ਼ਹਿਰਾਂ ਨੂੰ ਜਾਂਦੇ ਭਾਰੀ ਵਾਹਨ ਵੀ ਲੰਮਾਂ ਪੈਂਡਾ ਤੈਅ ਕਰਕੇ ਰੋਜ਼ਾਨਾ ਵਾਧੂ ਡੀਜ਼ਲ ਫੂਕ ਕੇ ਆਪਣੀ ਮੰਜ਼ਿਲ ’ਤੇ ਪਹੁੰਚ ਰਹੇ ਹਨ। ਟਰਾਂਸਪੋਰਟਰ ਬਲਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਟੋਨੀ ਨੇ ਦੱਸਿਆ ਕਿ ਇੱਕ ਸਾਲ ਤੋਂ ਸਰਕਾਰ ਨੇ ਪੁਲ ਦੀ ਮੁਰੰਮਤ ਨਹੀਂ ਕੀਤੀ ਜਿਸ ਕਾਰਨ ਟਰਾਂਸਪੋਰਟਰਾਂ ਨੂੰ ਰੋਜ਼ਾਨਾ ਮਹਿੰਗਾ ਵਾਧੂ ਡੀਜ਼ਲ ਫੂਕ ਕੇ ਆਪਣੀ ਮੰਜ਼ਿਲ ’ਤੇ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਬੰਦ ਹੋਣ ਨਾਲ ਉਨ੍ਹਾਂ ਦਾ ਕਾਰੋਬਾਰ ਵੀ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ, ਇਸ ਲਈ ਸਮੂਹ ਟਰਾਂਸਪੋਰਟਰਾਂ ਦੀ ਵੀ ਮੰਗ ਹੈ ਕਿ ਇਸ ਪੁਲ ਦੀ ਮੁਰੰਮਤ ਕਰਵਾ ਕੇ ਭਾਰੀ ਆਵਾਜਾਈ ਲਈ ਖੋਲ੍ਹਿਆ ਜਾਵੇ।

