ਲੁਧਿਆਣਾ ਸਕਰੈਪ ਟਰੇਡਰਜ਼ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕਰੈਪ ਕਾਰੋਬਾਰ ਨੂੰ ਉਦਯੋਗਿਕ ਵਿਕਾਸ ਲਈ ਹੋਰ ਸਹੂਲਤਾਂ ਦਿੱਤੀਆਂ ਜਾਣ ਤਾਂ ਜੁ ਕਾਰੋਬਾਰ ਨੂੰ ਹੋਰ ਵਧਾਇਆ ਜਾ ਸਕੇ।
ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਚੇਅਰਮੈਨ ਜਰਨੈਲ ਸਿੰਘ ਖੇੜਾ ਬੰਟੂ ਸਮੇਤ ਕਈ ਆਗੂ ਪੁੱਜੇ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਖੁਰਾਣਾ ਅਤੇ ਚੇਅਰਮੈਨ ਖੇੜਾ ਬੰਟੂ ਨੇ ਕੇਂਦਰ ਸਰਕਾਰ ਵੱਲੋਂ ਜੀਐੱਸਟੀ ਦਰਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਤਬਦੀਲੀਆਂ ਕਾਰੋਬਾਰੀਆਂ ਲਈ ਕੁਝ ਹੱਦ ਤੱਕ ਰਾਹਤ ਵਾਲੀਆਂ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸਕਰੈਪ ਟਰੇਡ ਨਾਲ ਜੁੜੇ ਉਦਯੋਗ, ਦੇਸ਼ ਦੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਪਰ ਇਸ ਖੇਤਰ ਨੂੰ ਅਜੇ ਵੀ ਸਰਕਾਰਾਂ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਜਿਹੜੀਆਂ ਹੋਰ ਉਦਯੋਗਾਂ ਨੂੰ ਪ੍ਰਾਪਤ ਹਨ।
ਐਸੋਸੀਏਸ਼ਨ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਕਰੈਪ ਟ੍ਰੇਡ ਨਾਲ ਸੰਬੰਧਤ ਉਦਯੋਗ ਲਈ ਵੱਖਰੀ ਨੀਤੀ ਤਹਿਤ ਰਾਹਤਾਂ ਅਤੇ ਸਹਾਇਤਾ ਯਕੀਨੀ ਬਣਾਈ ਜਾਵੇ ਤਾਂ ਜੋ ਇਹ ਸੈਕਟਰ ਹੋਰ ਸੁਚੱਜੇ ਢੰਗ ਨਾਲ ਅੱਗੇ ਵਧ ਸਕੇ। ਖੁਰਾਣਾ ਅਤੇ ਖੇੜਾ ਨੇ ਕਿਹਾ ਕਿ ਜਦੋਂ ਕਿ ਜੀਐਸਟੀ ਦਰਾਂ ਵਿੱਚ ਬਦਲਾਅ ਇੱਕ ਸਾਕਾਰਾਤਮਕ ਕਦਮ ਹੈ, ਪਰ ਅਜੇ ਵੀ ਸਕਰੈਪ ਟਰੇਡ ਨੂੰ ਇਸਤੋਂ ਲਾਂਭਾ ਰੱਖਿਆ ਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਦਯੋਗ ਦੀਆਂ ਅਸਲ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੰਮੇ ਸਮੇਂ ਦੀ ਯੋਜਨਾ ਬਣਾਈ ਜਾਵੇ।