ਮਾਤਾ ਸਵਿੱਤਰੀ ਬਾਈ ਫੂਲੇ ਦੇ ਨਾਂ ’ਤੇ ਲਾਇਬ੍ਰੇਰੀ ਖੋਲ੍ਹਣ ਦੀ ਮੰਗ
ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਪ੍ਰਧਾਨ ਰਛਪਾਲ ਸਿੰਘ ਗਾਲਿਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਦੇ ਨਾਮ 'ਤੇ ਜਗਰਾਉਂ ਵਿਖੇ ਵਿਸ਼ਾਲ ਲਾਈਬ੍ਰੇਰੀ ਖੋਲ੍ਹੀ ਜਾਵੇ। ਅਜਿਹਾ ਹੋਣ ਨਾਲ ਇਲਾਕੇ ਦੀਆਂ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਆਮ ਜਨਤਾ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਮਾਤਾ ਸਵਿੱਤਰੀ ਬਾਈ ਫੂਲੇ ਦੇ ਸ਼ੰਘਰਸ਼ਮਈ ਜੀਵਨ ਬਾਰੇ ਜਦੋਂ ਨੌਜਵਾਨ ਪੀੜ੍ਹੀ ਪੜੇਗੀ ਤਾਂ ਉਨ੍ਹਾਂ ਵਿੱਚ ਵੀ ਸ਼ੰਘਰਸ਼ਾਂ ਵਿੱਚੋਂ ਨਿੱਕਲ ਕੇ ਟੀਚੇ ਦੀ ਪ੍ਰਾਪਤੀ ਕਰਨ ਦੀ ਭਾਵਨਾ ਪੈਦਾ ਹੋਵੇਗੀ। ਪ੍ਰਧਾਨ ਗਾਲਿਬ ਨੇ ਕਿਹਾ ਕਿ ਭਾਰਤ ਦੀ ਪਹਿਲੀ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਨੂੰ ਧਾਰਮਿਕ ਕੱਟੜਪੰਥੀਆਂ ਦੀਆਂ ਬਹੁਤ ਸਾਰੀਆਂ ਬੰਦਸ਼ਾਂ ਵਿੱਚੋਂ ਦੀ ਲੰਘਣਾ ਪਿਆ ਪਰ ਉਹ ਦ੍ਰਿੜ੍ਹਤਾ ਨਾਲ ਅੱਗੇ ਵਧਦੇ ਗਏ ਜਿਸ ਵਿੱਚ ਉਨ੍ਹਾਂ ਦੇ ਵਿਦਿਅਕ ਗੁਰੂ ਤੇ ਪਤੀ ਮਹਾਤਮਾ ਜਯੋਤੀ ਫੂਲੇ ਨੇ ਡਟ ਕੇ ਸਾਥ ਦਿੱਤਾ। ਹੁਣ ਵੀ ਕੱਟੜਪੰਥੀ ਤਾਕਤਾਂ ਭਾਰੂ ਹਨ ਜਿਸ ਕਰਕੇ ਸਮਾਜ ਦੇ ਹਰੇਕ ਤਬਕੇ ਤੇ ਵਿਅਕਤੀ ਦਾ ਪੜ੍ਹਿਆ ਲਿਖਿਆ ਤੇ ਸੰਵਿਧਾਨ ਹੱਕਾਂ ਲਈ ਜਾਗਰੂਕ ਹੋਣਾ ਜ਼ਰੂਰ ਹੈ। ਇਹ ਸਭ ਹਰੇਕ ਸ਼ਹਿਰ ਵਿੱਚ ਵੱਡੀਆਂ ਲਾਇਬ੍ਰੇਰੀਆਂ ਖੋਲ੍ਹਣ ਤੇ ਉਨ੍ਹਾਂ ਵਿੱਚ ਗਿਆਨ ਦਾ ਖਜ਼ਾਨਾ ਭਰਨ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਕ ਲਾਇਬ੍ਰੇਰੀ ਦੇ ਉਦਘਾਟਨ ਦੌਰਾਨ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਪੂਰੇ ਪੰਜਾਬ ਵਿੱਚ ਅਜਿਹੀਆਂ ਲਾਇਬ੍ਰੇਰੀਆਂ ਖੋਲ੍ਹਣ ਜਾ ਰਹੇ ਹਨ ਜਿਸ ਕਰਕੇ ਸਾਡੀ ਮੰਗ ਹੈ ਕਈ ਪੱਖਾਂ ਤੋਂ ਪੱਛੜੇ ਜਗਰਾਉਂ ਵਿੱਚ ਹੀ ਹੁਣ ਅਗਲੀ ਤੇ ਜਲਦ ਵੱਡੀ ਲਾਇਬ੍ਰੇਰੀ ਖੋਲ੍ਹੀ ਜਾਵੇ।