ਹੜ੍ਹਾਂ ਤੇ ਮੁਆਵਜ਼ੇ ਬਾਰੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ਼
ਜ਼ਮੀਨ ਬਚਾਓ ਸੰਘਰਸ਼ ਦੇ ਪਹਿਲੇ ਸ਼ਹੀਦ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਅੱਜ ਇਥੇ ਪੰਜਾਬ ਸਰਕਾਰ ਤੋਂ ਉਸ 12 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਮੰਗਿਆਂ ਜੋ ਕੁਦਰਤੀ ਆਫ਼ਤ ਸਮੇਂ ਵਰਤਣ ਲਈ ਰਾਖਵਾਂ ਰੱਖਿਆ ਹੁੰਦਾ ਹੈ। ਨਾਲ ਹੀ ਹੜ੍ਹਾਂ ਦੇ ਕਾਰਨਾਂ ਅਤੇ ਇਸ ਰਾਸ਼ੀ ਬਾਰੇ ਵਾਈਟ ਪੇਪਰ ਜਾਰੀ ਕਰਨ ’ਤੇ ਜ਼ੋਰ ਦਿੱਤਾ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਹੋਈ ਇਕੱਤਰਤਾ ਵਿੱਚ ਕਿਹਾ ਗਿਆ ਕਿ ਕੇਂਦਰ ਤੇ ਸੂਬਾ ਸਰਕਾਰ ਇਕ ਦੂਜੇ 'ਤੇ ਦੋਸ਼ ਲਾ ਕੇ ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕੇਂਦਰ ਦੀ ਮੋਦੀ ਹਕੂਮਤ ਦਾ ਕਿਸਾਨ ਵਿਰੋਧੀ ਚਿਹਰਾ ਤਾਂ ਕਈ ਸਾਲ ਪਹਿਲਾਂ ਹੀ ਨੰਗਾ ਹੋ ਚੁੱਕਾ ਹੈ, ਇਸ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਆਪਣੀ ਜ਼ਿੰਮੇਵਾਰੀ ਪਛਾਣਦੇ ਹੋਏ ਵਾਈਟ ਪੇਪਰ ਜਾਰੀ ਕਰੇ ਤਾਂ ਜੋ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਸਕੇ। ਇਸ ਮੌਕੇ ਜ਼ਮੀਨਾਂ ਬਚਾਓ ਸੰਘਰਸ਼ ਦੇ ਪਹਿਲੇ ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਯਾਦ ਵਿੱਚ 11 ਅਕਤੂਬਰ ਨੂੰ ਪਿੰਡ ਚੱਕ ਅਲੀਸ਼ੇਰ (ਮਾਨਸਾ) ਵਿਖੇ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਇਸ ਸਮਾਗਮ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ ਅਤੇ ਲੁਧਿਆਣਾ ਜ਼ਿਲ੍ਹੇ ਤੋਂ ਵੱਡਾ ਜਥਾ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਗਰੀਬ ਕਿਸਾਨ ਦੀ ਜ਼ਮੀਨ ਬਚਾਉਣ ਸਮੇਂ ਗੁੰਡਿਆਂ ਦੀ ਗੋਲੀ ਦਾ ਸ਼ਿਕਾਰ ਪਿਰਥੀਪਾਲ ਸਿੰਘ ਸ਼ਿਕਾਰ ਹੋ ਕੇ ਸ਼ਹੀਦੀ ਪਾ ਗਿਆ ਸੀ। ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਜ਼ਮੀਨਾਂ ਬਚਾਉਣ ਲਈ ਹੀ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਦੌਰਾਨ 723 ਕਿਸਾਨਾਂ ਨੇ ਸ਼ਹਾਦਤ ਦਿੱਤੀ ਸੀ। ਇਸੇ ਸੰਘਰਸ਼ ਦੀ ਕੜੀ ਵਿੱਚ 2011 ਵਿੱਚ ਜਗਰਾਉਂ ਦੇ ਅਗਵਾੜ ਰੜਾ ਵਿੱਚ ਇਕ ਸੂਦਖੋਰ ਵਲੋਂ ਗਰੀਬ ਮਜ਼ਦੂਰ ਦੇ ਘਰ 'ਤੇ ਕੀਤਾ ਕਬਜ਼ਾ ਖ਼ਤਮ ਕਰਾਉਣ ਦੇ ਇਵਜ਼ ਵਿੱਚ ਸ਼ੈਸਨ ਕੋਰਟ ਨੇ ਕਥਿਤ ਝੂਠੇ ਪੁਲੀਸ ਕੇਸ ਵਿੱਚ ਜਥੇਬਦੀ ਦੇ ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੂੰ ਮਜਦੂਰ ਪਰਿਵਾਰ ਸਮੇਤ ਤਿੰਨ ਸਾਲ ਕੈਦ ਦੀ ਸਜ਼ਾ ਕਰਕੇ ਲੁਧਿਆਣਾ ਜੇਲ੍ਹ ਵਿੱਚ ਭੇਜ ਦਿੱਤਾ ਹੈ। ਦੇਸ਼ ਭਰ ਵਿੱਚ ਹੁਣ ਵੱਡੇ ਸਾਮਰਾਜੀ ਤੇ ਦੇਸੀ ਕਾਰਪੋਰੇਟਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਸ਼ਿਕਾਰ ਅੱਖ ਰੱਖੀ ਹੋਈ ਹੈ। ਲੇਹ ਲੱਦਾਖ ਦੇ ਲੋਕ ਵੀ ਅਪਣੇ ਅਮੀਰ ਖਣਿਜਾਂ ਵਲੇ ਪਹਾੜ ਤੇ ਜ਼ਮੀਨਾਂ ਅਡਾਨੀ ਵਰਗੇ ਕਾਰਪੋਰੇਟਾਂ ਤੋਂ ਬਚਾਉਣ ਲਈ ਲੜ ਰਹੇ ਹਨ।