ਪੰਜਾਬ ਕਿਸਾਨ ਯੂਨੀਅਨ ਨੇ ਝੋਨੇ ਵਿੱਚ ਨਮੀ ਦੀ ਮਾਤਰਾ 17 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰਨ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਕਿਹਾ ਹੈ ਕਿ ਹੜ੍ਹਾਂ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਅਤੇ ਮੌਸਮ ਦੀ ਤਬਦੀਲੀ ਕਰਕੇ ਤਿੰਨ ਫ਼ੀਸਦੀ ਵੱਧ ਨਮੀ ਦੀ ਛੋਟ ਦੇ ਕੇ ਰਾਹਤ ਦੇਣੀ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ। ਅਜਿਹਾ ਨਾ ਕਰਨ ’ਤੇ ਝੋਨਾ ਮੰਡੀਆਂ ਵਿੱਚ ਰੁਲੇਗਾ ਜਿਸ ਨਾਲ ਖੁਆਰ ਕਿਸਾਨ ਹੀ ਹੋਣਗੇ। ਉਨ੍ਹਾਂ ਕਿਹਾ ਕਿ ਹਰੇਕ ਸਾਲ ਨਮੀ ਵੱਧ ਹੋਣ ਨੂੰ ਬਹਾਨਾ ਬਣਾ ਕੇ ਝੋਨਾ ਮੰਡੀਆਂ ਵਿੱਚ ਰੋਲਿਆ ਜਾਂਦਾ ਹੈ। ਨਮੀ ਦੀ ਮਾਤਰਾ ਘੱਟੋ ਘੱਟ 20 ਫ਼ੀਸਦ ਹੋਵੇ ਤਾਂ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਨਹੀਂ ਲੱਗਣਗੇ, ਨਾ ਹੀ ਵੱਧ ਨਮੀ ਦੇ ਨਾਮ ਥੱਲੇ ਕਿਸਾਨਾਂ ਦੀ ਲੁੱਟ ਹੋਵੇਗੀ।
ਹਰ ਵਾਰ ਦੇਖਿਆ ਜਾਂਦਾ ਹੈ ਕਿ ਜਦੋਂ ਨਮੀ ਸਤਾਰਾਂ ਫ਼ੀਸਦ ਨਹੀਂ ਆਉਂਦੀ ਤਾਂ ਕਿਸਾਨ ਮਜਬੂਰ ਹੋ ਕੇ ਸੌ ਬੋਰੀ ਪਿੱਛੇ ਤਿੰਨ ਬੋਰੀਆਂ ਵਾਧੂ ਦਿੰਦੇ ਹਨ। ਇਹ ਹਰੇਕ ਸਾਲ ਦਾ ਵਰਤਾਰਾ ਹੈ ਜਿਸ ਦਾ ਹੱਲ ਸਰਕਾਰ ਨੂੰ ਕਰਨਾ ਪੈਣਾ। ਕਿਸਾਨ ਆਗੂ ਨੇ ਕਿਹਾ ਕਿ ਸ਼ੈਲਰ ਮਾਲਕ ਵੱਧ ਨਮੀ ਵਾਲਾ ਝੋਨਾ ਚੌਲ ਦੇਣ ਸਬੰਧੀ ਸ਼ਰਤਾਂ ਕਰਕੇ ਨਹੀਂ ਲਵਾਉਂਦੇ। ਇਸ ਤਰ੍ਹਾਂ ਝੋਨਾ ਮੰਡੀ ਵਿੱਚ ਆਉਣ ਤੋਂ ਲੈ ਕੇ ਸ਼ੈਲਰਾਂ ਤਕ ਜਾਣ ਸਮੇਂ ਤਕ ਮਾਰ ਕਿਸਾਨ ਹੀ ਝੱਲਦੇ ਹਨ। ਉਨ੍ਹਾਂ ਇਸ ਦਾ ਹੱਲ ਨਮੀ ਦੀ ਮਾਤਰਾ ਵਧਾਉਣ ਜਾਂ ਦੋ ਕਿੱਲੋ ਚੌਲ ਪ੍ਰਤੀ ਕੁਇੰਟਲ ਘੱਟ ਕਰਨ ਨੂੰ ਦੱਸਿਆ।