ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਈ ਸੁਬਾਈ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਜਿਨ੍ਹਾਂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀਆਂ ਦੀਆਂ ਇੱਕ ਸਾਲ ਦੀਆਂ ਸਾਰੀਆਂ ਫੀਸਾਂ ਮੁਆਫ ਕਰਨ ਦੀ ਮੰਗ ਕੀਤੀ ਗਈ। ਇਹਨਾਂ ਅਹਿਮ ਫੈਸਲਿਆਂ ਵਿੱਚੋਂ ਸਭ ਤੋਂ ਜ਼ਰੂਰੀ ਫੈਸਲਾ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਪੈਦਾ ਹੋਈ ਤਬਾਹੀ ਦੇ ਮਦੇਨਜ਼ਰ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਸਹਾਇਤਾ ਮੁਹਿੰਮ ਨੂੰ ਹੋਰ ਤੇਜ ਕਰਨਾ ਹੈ। ਸੰਸਥਾ ਦੀਆਂ 17 ਇਕਾਈਆਂ ਨੇ ਇਸ ਬੈਠਕ ਵਿੱਚ ਹਿੱਸਾ ਲਿਆ ਅਤੇ ਸਮੂਹਿਕ ਤੌਰ ਤੇ ਫੈਸਲਾ ਲਿਆ ਕਿ ਸਾਰੀਆਂ ਇਕਾਈਆਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਜਿਲਾ ਅਤੇ ਸੂਬਾ ਪੱਧਰ ਤੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨਗੇ।
ਸੰਸਥਾ ਦੀਆਂ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਇਕਾਈਆਂ ਨੇ ਪਹਿਲਾਂ ਹੀ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਲੱਖਾਂ ਰੁਪਏ ਇੱਕਤਰ ਕੀਤੇ ਹਨ ਜਿਨ੍ਹਾਂ ਨਾਲ ਰਾਸ਼ਨ, ਦਵਾਈਆਂ, ਮੱਛਰਦਾਨੀਆਂ ਅਤੇ ਡੀਜ਼ਲ ਹੜ੍ਹ ਪੀੜਤਾਂ ਤੱਕ ਪਹੁੰਚਾਇਆ ਹੈ। ਇਸ ਮੌਕੇ ਸੰਸਥਾ ਨੇ ਸਰਬ ਸੰਮਤੀ ਨਾਲ ਇਹ ਮਤਾ ਵੀ ਪਾਸ ਕੀਤਾ ਕਿ ਬੇਸ਼ਕ ਅਨੇਕ ਧਾਰਮਿਕ, ਸਭਿਆਚਾਰਕ ਜਾਂ ਸਮਾਜਿਕ ਸੰਸਥਾਵਾਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ ਪਰ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਮਾਮਲੇ ਵਿਚ ਹੋਰ ਜੁਆਬਦੇਹ ਹੋਣ ਦੀ ਜ਼ਰੂਰਤ ਹੈ। ਸੰਸਥਾ ਨੇ ਮੰਗ ਕੀਤੀ ਕਿ ਹੜ੍ਹ ਪੀੜਤ ਖੇਤਰਾਂ ਦੇ ਜਿਹੜੇ ਵਿਦਿਆਰਥੀ ਪੰਜਾਬ ਕਿਸੇ ਵੀ ਸਕੂਲ (ਸਰਕਾਰੀ/ਪ੍ਰਾਈਵੇਟ), ਕਾਲਜ ਜਾਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਕਈ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਹਨ, ਉਹਨਾਂ ਦੀਆਂ ਇਕ ਸਾਲ ਦੀਆਂ ਸਾਰੀਆਂ ਫੀਸਾਂ ਅਤੇ ਹੋਰ ਖਰਚ ਸਰਕਾਰ ਵੱਲੋਂ ਵਿਸ਼ੇਸ਼ ਦਖਲਅੰਦਾਜ਼ੀ ਕਰਕੇ ਮੁਆਫ ਕਰਵਾਏ ਜਾਣ। ਇਸ ਮੀਟਿੰਗ ਵਿੱਚ ਉਪਰੋਕਤ ਏਜੰਡੇ ਤੋਂ ਇਲਾਵਾ ਸੰਸਥਾ ਵੱਲੋਂ ਕੱਢੇ ਜਾ ਰਹੇ ‘ਕੌਮਾਂਤਰੀ ਚਰਚਾ’ ਮੈਗਜ਼ੀਨ ਦੇ ਪ੍ਰਚਾਰ-ਪ੍ਰਸਾਰ ਸਬੰਧੀ ਅਤੇ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ‘ਪਿੰਡੋ-ਪਿੰਡੀ ਸਾਹਿਤ ਮੁਹਿੰਮ’ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਸੂਬਾਈ ਮੀਟਿੰਗ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤੀ ਅਤੇ ਸਮੁੱਚੀ ਕਾਰਵਾਈ ਦਾ ਸੰਚਾਲਨ ਜਨ. ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕੀਤਾ। ਇਸ ਮੌਕੇ ਕੌਮੀ ਇਕਾਈ ਦੇ ਜਨ. ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੰਕਟ ਦੇ ਸਮੇਂ ਲੇਖਕਾਂ ਦਾ ਇਹ ਅਹਿਮ ਫਰਜ਼ ਹੈ ਕਿ ਉਹ ਆਪਣੇ ਲੋਕਾਂ ਦੀ ਬਾਂਹ ਵੀ ਫੜਨ।
ਮੀਟਿੰਗ ਵਿੱਚ ਡਾ. ਸਰਬਜੀਤ ਸਿੰਘ, ਡਾ.ਅਨੂਪ ਸਿੰਘ, ਪ੍ਰੋ. ਬਲਦੇਵ ਸਿੰਘ ਬੱਲੀ, ਡਾ. ਗੁਲਜਾਰ ਸਿੰਘ ਪੰਧੇਰ, ਜਸਪਾਲ ਮਾਨਖੇੜਾ, ਰਣਬੀਰ ਰਾਣਾ, ਦਮਜੀਤ ਦਰਸ਼ਨ, ਹਰਜਿੰਦਰ ਸੂਰੇਵਾਲੀਆ, ਡਾ. ਗੁਰਪ੍ਰੀਤ ਮੁਕਤਸਰ ਡਾ. ਕੁਲਦੀਪ ਚੌਹਾਨ, ਹਰਮੀਤ ਵਿਦਿਆਰਥੀ, ਤਰਸੇਮ, ਹਰਵਿੰਦਰ ਭੰਡਾਲ, ਮਨਦੀਪ ਭੰਮਰਾ, ਡਾ. ਸੰਤੋਖ ਸੁੱਖੀ, ਵਰਗਿਸ ਸਲਾਮਤ, ਸੰਦੀਪ ਵਾਲੀਆ, ਸੁਖਜੀਵਨ, ਹਰਭਗਵਾਨ, ਭੋਲਾ ਸਿੰਘ ਸੰਘੇੜਾ, ਬਲਵੀਰ ਪਰਵਾਨਾ, ਮੱਖਣ ਮਾਨ, ਭਗਵੰਤ ਰਸੂਲਪੁਰੀ, ਕਰਨੈਲ ਸਿੰਘ ਵਜੀਰਾਬਾਦ ਸ਼ਾਮਲ ਹੋਏ।