ਹੜ੍ਹ ਪੀੜਤ ਇਲਾਕਿਆਂ ਦੇ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ਼ ਕਰਨ ਦੀ ਮੰਗ
ਤਰਕਸ਼ੀਲ ਸੁਸਾਇਟੀ ਤੇ ਸਹਿਯੋਗੀ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਨਾਂ ਭੇਜਿਆ ਪੱਤਰ
ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ ਜ਼ੋਨ ਲੁਧਿਆਣਾ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦੇ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਫੀਸਾਂ ਹੋਰਨਾਂ ਫੰਡਾਂ ਸਣੇ ਮੁਆਫ ਕਰਨ ਬਾਰੇ ਡੀ ਸੀ ਲੁਧਿਆਣਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਤਰਕਸ਼ੀਲ ਆਗੂਆਂ ਨਾਲ ਵੱਖ ਵੱਖ ਸਹਿਯੋਗੀ ਜਨਤਕ , ਮਜ਼ਦੂਰ ਕਿਸਾਨ, ਜਮਹੂਰੀ ਤੇ ਮਨੁੱਖੀ ਹੱਕਾਂ ਦੀਆਂ ਜੱਥੇਬੰਦੀਆਂ ਦੇ ਆਗੂ ਵੀ ਸ਼ਾਮਲ ਸਨ। ਇਸ ਵਫ਼ਦ ਦੀ ਅਗਵਾਈ ਕਰਦਿਆਂ ਸੁਸਾਇਟੀ ਦੇ ਜ਼ੋਨ ਜਥੇਬੰਦਕ ਮੁਖੀ ਜਸਵੰਤ ਜ਼ੀਰਖ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸੁਸਾਇਟੀ ਪੰਜਾਬ ਵਿੱਚ 10 ਲੱਖ ਰੁਪਏ ਦੀਆਂ ਸਟੇਸ਼ਨਰੀ ਕਿੱਟਾਂ ਹੜ੍ਹ ਪੀੜਤ ਇਲਾਕਿਆਂ ਦੇ ਸਕੂਲਾਂ ਵਿੱਚ ਜਾ ਕੇ ਵੰਡੇਗੀ। ਇਸ ਬਾਰੇ ਤਰਕਸ਼ੀਲ ਮੈਂਬਰਾਂ ਦੀਆਂ ਟੀਮਾਂ ਵੱਖ ਵੱਖ ਇਲਾਕਿਆਂ ਵਿੱਚ ਸਰਵੇ ਕਰਕੇ ਲੋੜਵੰਦ ਵਿਦਿਆਰਥੀਆਂ ਦੀਆਂ ਲਿਸਟਾਂ ਤਿਆਰ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਸਹਾਇਤਾ ਦੇਣ ਦੀ ਮੰਗ ਕੀਤੀ। ਵਫਦ ਨੇ ਦਾਅਵਾ ਕੀਤਾ ਕਿ ਡਿਪਟੀ ਕਮਿਸ਼ਨਰ ਵੱਲੋਂ ਅੱਜ ਹੀ ਇਹ ਮੱਗ ਪੱਤਰ ਮੁੱਖ ਮੰਤਰੀ ਨੂੰ ਭੇਜਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਉਹ ਖੁਦ ਵੀ ਅਜਿਹੇ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਕਰਨਾ ਚਾਹੁੰਦੇ ਹਨ। ਉਨ੍ਹਾਂ ਵਫ਼ਦ ਨੂੰ ਕਿਹਾ ਕਿ ਜੇ ਤੁਹਾਨੂੰ ਕੋਈ ਅਜਿਹੇ 10-15 ਬੱਚੇ ਲੋੜਵੰਦ ਲੱਗਣ ਤਾਂ ਮੈਂ ਵੀ ਸਹਿਯੋਗ ਕਰਾਂਗਾ। ਵਫ਼ਦ ਵਿੱਚ ਸੂਬਾ ਆਗੂ ਮੋਹਨ ਬਡਲਾ, ਜ਼ੋਨ ਵਿੱਤ ਮੁਖੀ ਧਰਮਪਾਲ ਸਿੰਘ, ਮੀਡੀਆ ਮੁਖੀ ਹਰਚੰਦ ਭਿੰਡਰ, ਸੁਧਾਰ ਇਕਾਈ ਮੁਖੀ ਧਰਮ ਸਿੰਘ, ਮਾਸਟਰ ਕਰਨੈਲ ਸਿੰਘ, ਲੁਧਿਆਣਾ ਮੁਖੀ ਬਲਵਿੰਦਰ ਸਿੰਘ , ਪੂਰਨ ਸਿੰਘ, ਹਿਊਮਨ ਰਾਈਟਸ ਆਰਗੇਨਾਈਜੇਸਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸੁਖਦੇਵ ਸਿੰਘ ਮੰਗਲੀ, ਇਨਕਲਾਬੀ ਮਜ਼ਦੂਰ ਕੇਂਦਰ ਲੁਧਿਆਣਾ ਦੇ ਪ੍ਰਧਾਨ ਸੁਰਿੰਦਰ ਸਿੰਘ , ਉੱਘੇ ਸਮਾਜ ਚਿੰਤਕ ਬਲਕੌਰ ਸਿੰਘ ਅਤੇ ਆਰ ਟੀ ਆਈ ਕਾਰਕੁਨ ਰਾਜਿੰਦਰਪਾਲ ਸਿੰਘ, ਵਿਗਿਆਨੀ ਬਲਵਿੰਦਰ ਔਲਖ ਸ਼ਾਮਲ ਸਨ।