ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਜਨਵਰੀ
ਸਮਾਜ ਸੇਵੀ ਸੰਸਥਾ ‘ਵਾਇਸ ਆਫ਼ ਖੰਨਾ ਸਿਟੀਜ਼ਨ’ ਦੇ ਮੈਬਰਾਂ ਤੇ ਬਾਰ ਐਸੋਸ਼ੀਏਸ਼ਨ ਦੇ ਵਕੀਲਾਂ ਨੇ ਅੱਜ ਹਰਪ੍ਰੀਤ ਸਿੰਘ ਪ੍ਰਿੰਸ ਦੀ ਪ੍ਰਧਾਨਗੀ ਹੇਠ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਦੇ ਨਾਂ ਉਨ੍ਹਾਂ ਦੇ ਸੁਪਰਡੈਂਟ ਫ਼ਤਹਿ ਸਿੰਘ ਨੂੰ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ। ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ ਅਤੇ ਐਡਵੋਕੇਟ ਜਗਰਾਜ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਕਈ ਥਾਵਾਂ ਤੇ ਰਾਤ ਨੂੰ ਉੱਚੀ ਆਵਾਜ਼ ਵਿਚ ਲਾਊਡ ਸਪੀਕਰਾਂ ਦੀ ਵਰਤੋਂ ਕਰਕੇ ਡੀਜੇ ਲਗਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹਨ। ਇਸ ਦੇ ਨਾਲ ਹੀ ਦਿਲ ਦੇ ਮਰੀਜ਼ਾਂ, ਹਾਈ ਬਲੱਡ ਪ੍ਰੈਸ਼ਰ, ਘਬਰਾਹਟ ਤੇ ਮਾਈਗ੍ਰੇਨ ਦੇ ਮਰੀਜ਼ਾਂ ਲਈ ਉੱਚੀ ਆਵਾਜ਼ ਘਾਤਕ ਹੈ।
ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਿੱਚ ਵੱਧ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਵੀ ਛੇਤੀ ਤੋਂ ਛੇਤੀ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ’ਤੇ ਕੁੱਤਿਆਂ ਦੇ ਝੁੰਡ ਮਿਲਦੇ ਹਨ ਜਿਸ ਕਾਰਨ ਸ਼ਹਿਰ ਵਾਸੀ ਖਾਸ ਕਰਕੇ ਬੱਚੇ ਅਤੇ ਬਜ਼ੁਰਗ ਖੋਫ਼ਜ਼ਦਾ ਹਨ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਸ਼ਹਿਰ ਦੇ ਕੁੱਤਿਆਂ ਦੀ ਨਸਬੰਦੀ ਲਈ ਲੋੜੀਂਦੇ ਕਦਮ ਚੁੱਕੇ ਜਾਣ, ਲਵਾਰਿਸ ਕੁੱਤਿਆਂ ਦੇ ਇੰਜੈਕਸ਼ਨ ਲਾਉਣ ਦੀ ਮੁਹਿੰਮ ਅਰੰਭੀ ਜਾਵੇ ਅਤੇ ਬਿਮਾਰੀ ਤੋਂ ਪੀੜਤ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ, ਉੱਚੀ ਆਵਾਜ਼ ਵਿੱਚ ਡੀਜੇ ਚਲਾ ਕੇ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ, ਰਾਤ 10 ਵਜੇ ਤੋਂ ਬਾਅਦ ਡੀਜੇ ਜਾ ਲਾਊਡ ਸਪੀਕਰ ਚਲਾਉਣ ਤੇ ਪਾਬੰਦੀ ਲਾਈ ਜਾਵੇ।
ਸ਼ੋਰ ਪ੍ਰਦੂਸ਼ਣ ਸਿਹਤ ਤੇ ਵਾਤਾਵਰਨ ਲਈ ਚਿੰਤਾ ਦਾ ਵਿਸ਼ਾ: ਬੈਨੀਪਾਲ
ਪਾਇਲ (ਪੱਤਰ ਪ੍ਰੇਰਕ): ਸਮਾਜਸੇਵੀ, ਵਾਤਾਵਰਨ ਪ੍ਰੇਮੀ ਤੇ ਪੀਏਸੀ ਕਮੇਟੀ ਮੱਤੇਵਾੜਾ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਆਲੇ-ਦੁਆਲੇ ਵੱਧ ਰਿਹਾ ਸ਼ੋਰ ਪ੍ਰਦੂਸ਼ਣ ਬੱਚਿਆਂ ਦੀ ਸਿਹਤ ਲਈ ਬਹੁਤ ਹੀ ਖਤਰਨਾਕ ਸਾਬਤ ਹੋ ਰਿਹਾ ਹੈ। ਇਹ ਪ੍ਰਦੂਸ਼ਣ ਬੱਚਿਆਂ ਦੇ ਦਿਮਾਗ ’ਤੇ ਅਸਰ ਕਰਦਾ ਹੈ ਜੋ ਉਨ੍ਹਾਂ ਨੂੰ ਧਿਆਨ ਕੇਂਦਰਿਤ ਕਰਨ, ਸੋਚਣ-ਸਮਝਣ ਦੀ ਸ਼ਕਤੀ, ਯਾਦ ਸ਼ਕਤੀ ਤੇ ਸਿੱਖਣ ਦੀ ਯੋਗਤਾ ’ਤੇ ਅਸਰ ਪਾਉਂਦਾ ਹੈ। ਸ਼ੋਰ ਨਾਲ ਹੋਣ ਵਾਲਾ ਤਣਾਅ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ’ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ ਤੇ ਇਸ ਦਾ ਇਕ ਸਿੱਟਾ ਉਨ੍ਹਾਂ ਦੇ ਅਕਾਦਮਿਕ ਨਤੀਜਿਆਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਸ੍ਰੀ ਬੈਨੀਪਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਆਵਾਜ਼ ਪ੍ਰਦੂਸ਼ਣ ਰੈਗੂਲੇਸ਼ਨ ਐਂਡ ਕੰਟਰੋਲ ਐਕਟ ਰੂਲਜ਼ 2000 ਲੋਕ ਹਿਤ ਤਹਿਤ ਸ਼ੋਰ ਪ੍ਰਦੂਸ਼ਣ ਸਬੰਧੀ ਵਿਸ਼ੇਸ਼ ਕਾਨੂੰਨ ਬਣਾਇਆ ਹੈ, ਪਰ ਜ਼ਮੀਨੀ ਪੱਧਰ ’ਤੇ ਇਹ ਐਕਟ ਪੂਰੀ ਤਰ੍ਹਾਂ ਲਾਗੂ ਕੀਤਾ ਹੀ ਨਹੀਂ ਜਾ ਸਕਿਆ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸ਼ੁੱਧ ਤੇ ਸਾਫ਼ ਵਾਤਾਵਰਨ ਲਈ ਅਜਿਹੀਆਂ ਬੇਨਿਯਮੀਆਂ ਨੂੰ ਠੱਲ੍ਹਿਆ ਜਾਵੇ। ਇਸ ਮੌਕੇ ਡਾ. ਗੁਰਨਾਮ ਕੌਰ ਗਰੇਵਾਲ ਤੇ ਮਲਕੀਤ ਸਿੰਘ ਵੀ ਮੌਜੂਦ ਸਨ।