ਡੈਮੋਕ੍ਰੇਟਿਕ ਟੀਚਰਜ਼ ਫਰੰਟ ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਖਜ਼ਾਨਾ ਅਫਸਰ ਨੂੰ ਮਿਲਿਆ
4161 ਅਧਿਆਪਕਾਂ ਦੇ 2 ਮਹੀਨੇ ਦੇ ਤਨਖਾਹਾਂ ਦੇ ਬਕਾਇਆ ਬਿੱਲਾਂ ਅਤੇ ਜਿਲੇ ਵਿੱਚ ਖਜਾਨਾ ਦਫ਼ਤਰਾਂ ਦੀ ਹੋਰ ਬਿੱਲਾਂ ਬਾਰੇ ਬੇਨਿਯਮੀ ਪ੍ਰਤੀ ਕਾਰਗੁਜ਼ਾਰੀ ਦਾ ਤਿੱਖਾ ਨੋਟਿਸ ਲੈਂਦਿਆਂ ਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ ਲੁਧਿਆਣਾ ਅਤੇ 4161 ਅਧਿਆਪਕ ਯੂਨੀਅਨ ਦੇ ਸਰਗਰਮ ਕਾਰਕੁੰਨਾਂ ਦਾ ਪ੍ਰਤੀਨਿਧੀ ਮੰਡਲ ਜਿਲ੍ਹਾ ਖ਼ਜ਼ਾਨਾ ਅਫ਼ਸਰ ਨੂੰ ਮਿਲਿਆ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਮਰਾਲਾ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ, ਜਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ, ਪ੍ਰੈਸ ਸਕੱਤਰ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨਾਲ ਹੋਈ ਗੱਲਬਾਤ ਦੌਰਾਨ ਆਗੂਆਂ ਨੇ ਮਹਿਸੂਸ ਕੀਤਾ ਕਿ ਲੁਧਿਆਣਾ ਜਿਲ੍ਹਾ ਦੇ ਜਿਲ੍ਹਾ ਖ਼ਜ਼ਾਨਾ ਅਫ਼ਸਰ, ਸਮੂਹ ਸਥਾਨਕ ਖ਼ਜ਼ਾਨਾ ਅਫ਼ਸਰ ਵੱਲੋਂ ਬਿੱਲਾਂ ਦੀ ਅਦਾਇਗੀ ਸੰਬੰਧੀ ਕਥਿਤ ਪੂਰੀ ਪਾਰਦਰਸ਼ਤਾ ਅਤੇ ਨਿਯਮਾਂ ਦੀ ਪਰਵਾਹ ਨਹੀਂ ਕੀਤੀ ਜਾ ਰਹੀ ਹੈ। ਜ਼ੁਬਾਨੀ ਸੁਨੇਹਿਆਂ ਅਤੇ ਵਟਸਐਪ ਗਰੁੱਪਾਂ ਦੇ ਗੈਰ ਭਰੋਸੇ ਯੋਗ ਅਤੇ ਜਵਾਬਦੇਹੀ ਤੋਂ ਰਹਿਤ ਮੈਸੇਜ ਦੇ ਅਧਾਰ ਉੱਤੇ ਮਨਮਰਜੀ ਨਾਲ ਬਿੱਲ ਪਾਸ ਕੀਤੇ ਜਾ ਰਹੇ ਹਨ। ਜਥੇਬੰਦੀ ਆਗੂਆਂ ਨੇ ਇਸ ਸਬੰਧੀ ਆਪਣਾ ਰੋਸ ਜਿਲ੍ਹਾ ਖ਼ਜ਼ਾਨਾ ਅਫ਼ਸਰ ਅੱਗੇ ਦਰਜ ਕਰਵਾਇਆ ਅਤੇ ਕਿਹਾ ਕਿ ਉਹਨਾਂ ਵੱਲੋਂ ਵਟਸਐਪ ਗਰੁੱਪਾਂ ਦੇ ਜ਼ੁਬਾਨੀ ਸੁਨੇਹਿਆਂ ਰਾਹੀਂ ਪਾਸ ਕੀਤੇ ਬਿੱਲਾਂ ਦੀਆ ਕੱਟ ਔਫ ਮਿਤੀਆਂ ਦੇ ਦੱਸੇ ਵੇਰਵੇ ਦੂਜੇ ਜ਼ਿਲਿਆ ਦੇ ਨਾਲ ਨਾਲ ਲੁਧਿਆਣਾ ਜਿਲ੍ਹੇ ਦੇ ਖਜਾਨਿਆ ਵਿੱਚ ਕਲੀਅਰ ਕਿੱਤੇ ਬਿੱਲਾਂ ਦੇ ਤੱਥਾਂ ਨਾਲ ਮੇਲ ਨਹੀਂ ਖਾਂਦੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 4161 ਅਧਿਆਪਕਾਂ ਦੇ ਬਕਾਇਆ ਬਿੱਲ ਇੱਕ ਹਫ਼ਤੇ ਦੇ ਵਿੱਚ ਵਿੱਚ ਕਲੀਅਰ ਨਹੀਂ ਕੀਤੇ ਜਾਂਦੇ ਤਾਂ ਜਥੇਬੰਦੀ ਵੱਲੋਂ ਖ਼ਜ਼ਾਨਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਦੇ ਰਵੱਈਏ ਤੋਂ ਨਾਖ਼ੁਸ਼ ਜਥੇਬੰਦੀ ਦੀ ਆਗੂ ਟੀਮ ਵੱਲੋਂ ਡਾਇਰੈਕਟਰ ਖ਼ਜ਼ਾਨਾ ਪੰਜਾਬ ਦੇ ਨਾਮ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਅਤੇ ਉਸਦੇ ਦਫ਼ਤਰ ਦੇ ਬੇਨਿਯਮਿਆ ਬਾਰੇ ਸ਼ਿਕਾਇਤ ਪੱਤਰ ਲਿਖਿਆ ਗਿਆ ਅਤੇ ਇਸਦੀ ਪ੍ਰਤੀ ਸੂਚਨਾ ਜਿਲ੍ਹਾ ਖ਼ਜ਼ਾਨਾ ਅਫ਼ਸਰ ਲੁਧਿਆਣਾ ਨੂੰ ਦਿੱਤੀ ਗਈ। ਜਥੇਬੰਦੀ ਦੇ ਜਿਲਾ ਪ੍ਰਧਾਨ ਦਲਜੀਤ ਸਮਰਾਲਾ ਨੇ ਦੱਸਿਆ ਕਿ ਇਹ ਸ਼ਿਕਾਇਤ ਪੱਤਰ ਜਲਦੀ ਹੀ ਡਾਇਰੈਕਟਰ ਖ਼ਜ਼ਾਨਾ ਪੰਜਾਬ ਨੂੰ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹਾ ਖ਼ਜ਼ਾਨਾ ਦਫ਼ਤਰ ਦੀ ਢਿੱਲ ਮੱਠ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੀ ਤਿਆਰੀ ਸਬੰਧੀ ਲਾਮਬੰਦੀ ਕੀਤੀ ਜਾਵੇਗੀ। ਇਸ ਮੌਕੇ ਡੀ.ਟੀ.ਐੱਫ. ਬਲਾਕ ਲੁਧਿਆਣਾ -1 ਦੇ ਪ੍ਰਧਾਨ ਅਰਵਿੰਦਰ ਸਿੰਘ ਭੰਗੂ, 4161 ਯੂਨੀਅਨ ਦੇ ਸਰਗਰਮ ਆਗੂ ਅੰਮ੍ਰਿਤਪਾਲ ਸਿੰਘ, ਭਾਰਤ ਭੂਸ਼ਣ, ਨੀਟਾ ਖਾਨ, ਗੁਰਪ੍ਰੀਤ ਸਿੰਘ, ਗੁਲਾਬ ਸਿੰਘ, ਰਮਨਦੀਪ ਸਿੰਘ, ਮਨੀਸ਼ ਕੁਮਾਰ, ਨਵਦੀਪ ਸਿੰਘ, ਜਸਵੀਰ ਕੌਰ, ਮਨਪ੍ਰੀਤ ਸਿੰਘ, ਅਸਵਨੀ ਕੁਮਾਰ ਅਤੇ ਦਨੇਸ਼ ਹਾਜ਼ਰ ਸਨ।