ਪੱਤਰਕਾਰ ਨੂੰ ਧਮਕਾਉਣ ਖ਼ਿਲਾਫ਼ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ
ਮਸਲੇ ਦੀ ਵਿਉਂਤਬੰਦੀ ਲਈ ਨਛੱਤਰ ਯਾਦਗਾਰੀ ਹਾਲ ਵਿੱਚ ਮੀਟਿੰਗ ਅੱਜ
ਨੇੜਲੇ ਪਿੰਡ ਰਸੂਲਪੁਰ ਮੱਲ੍ਹਾ ਵਿੱਚ ਇਕ ਨੌਜਵਾਨ ਦੀ ਕਥਿਤ ਨਸ਼ਿਆਂ ਕਾਰਨ ਮੌਤ ਹੋਣ ਬਾਰੇ ਖ਼ਬਰਾਂ ਚਲਾਉਣ ਵਾਲੇ ਪਿੰਡ ਦੇ ਮਨਦੀਪ ਸਿੰਘ ਨੂੰ ਧਮਕੀਆਂ ਦੇਣ ਖ਼ਿਲਾਫ਼ ਵਫ਼ਦ ਅੱਜ ਇਥੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ। ਵਫ਼ਦ ਵਿੱਚ ਸ਼ਾਮਲ ਵੱਖ-ਵੱਖ ਆਗੂਆਂ ਨੇ ਕਿਹਾ ਕਿ ਮਨਦੀਪ ਸਿੰਘ ਨੇ ਆਪਣੇ ਵੈੱਬ ਚੈਨਲ ‘ਦੁਨੀਆ’ ’ਤੇ ਇਸ ਸਬੰਧੀ ਇਕ ਰਿਪੋਰਟ ਨਸ਼ਰ ਕੀਤੀ ਜਿਸ ਤੋਂ ਨਾਰਾਜ਼ ਹੋ ਕੇ ਲੋਪੋਂ ਵਾਲੇ ਰਾਹ ’ਤੇ ਰਹਿੰਦੇ ਇਕ ਸ਼ਖਸ ਨੇ ਮਨਦੀਪ ਸਿੰਘ ਧਮਕੀਆਂ ਦਿੱਤੀਆਂ। ਇਸ ਵਿਅਕਤੀ ਨੇ ਫੋਨ ਕਰਕੇ ਮਨਦੀਪ ਰਸੂਲਪੁਰ ਨੂੰ ਵੀਡੀਓ ਡੀਲੀਟ ਕਰਨ ਲਈ ਕਿਹਾ ਅਤੇ ਕਥਿਤ ਗੋਲੀ ਮਾਰਨ ਦੀ ਧਮਕੀ ਦਿੱਤੀ। ਜਨਤਕ ਜਥੇਬੰਦੀਆਂ ਨੇ ਅਗਲੇ ਹੀ ਦਿਨ ਥਾਣਾ ਹਠੂਰ ਅਤੇ ਡੀਐੱਸਪੀ ਰਾਏਕੋਟ ਨੂੰ ਲਿਖਤੀ ਸ਼ਿਕਾਇਤ ਵੀ ਇਸ ਬਾਰੇ ਦਿੱਤੀ। ਐਸਐਸਪੀ ਡਾ. ਅੰਕੁਰ ਗੁਪਤਾ ਆਈਪੀਐੱਸ ਨੂੰ ਮਿਲੇ ਵਫ਼ਦ ਦੀ ਅਗਵਾਈ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਕੀਤੀ। ਵਫ਼ਦ ਨੇ ਇਸ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਿਸ ’ਤੇ ਐਸਐਸਪੀ ਨੇ ਦੱਸਿਆ ਕਿ ਧਮਕੀਆਂ ਦੇਣ ਵਾਲੇ ਖ਼ਿਲਾਫ਼ ਥਾਣਾ ਹਠੂਰ ਵਿੱਚ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਡੀਐੱਸਪੀ ਅਤੇ ਥਾਣਾ ਮੁਖੀ ਵੀ ਵੀਡਿਓ ਨੂੰ ਡੀਲੀਟ ਕਰਨ ਦਾ ਦਬਾਅ ਪਾ ਰਹੇ ਹਨ। ਇਸ ਤੋਂ ਇਲਾਵਾ ਮੁੱਦਾ ਚੁੱਕਣ ਵਾਲੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਤਾਰੀ ਦੇ ਘਰ ਆ ਕੇ ਨਸ਼ਾ ਤਸਕਰਾਂ ਖ਼ਿਲਾਫ਼ ਬਿਆਨ ਜਾਰੀ ਨਾ ਕਰਨ ਲਈ ਵੀ ਦਬਾਅ ਪਾ ਰਹੇ ਸਨ। ਇਸ ਸਬੰਧੀ ਵੀ ਕਾਰਵਾਈ ਦੀ ਮੰਗ ਕੀਤੀ ਗਈ। ਵਫ਼ਦ ਵਲੋਂ ਪੱਤਰਕਾਰ ਦੀ ਸੁਰੱਖਿਆ ਦੀ ਮੰਗ ਕਰਨ ’ਤੇ ਐਸਐਸਪੀ ਨੇ ਯੋਗ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮਸਲੇ ’ਤੇ ਅਗਲੀ ਵਿਉਂਤਬੰਦੀ ਲਈ 23 ਅਕਤੂਬਰ ਨੂੰ ਨਛੱਤਰ ਭਵਨ ਵਿੱਚ ਇਕੱਤਰਤਾ ਸੱਦੀ ਗਈ ਹੈ।