ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਅੱਜ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ।
ਸੁਖਬੀਰ ਬਾਦਲ ਨਾਲ ਪਿੰਡ ਬਾਦਲ ਵਿੱਚ ਮੁਲਾਕਾਤ ਸਮੇਂ ਗੁਰਦੀਪ ਸਿੰਘ ਲੀਲ, ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਅਤੇ ਰਵਿੰਦਰ ਸਿੰਘ ਮਨਚੰਦਾ ਵੀ ਹਾਜ਼ਰ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਜਥੇਦਾਰ ਗਾਬੜੀਆ ਨੂੰ ਕਿਹਾ ਕਿ ਉਹ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰਕੇ ਲੋਕਾਂ ਨੂੰ ‘ਆਪ’ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਗੁੰਮਰਾਹਕੁੰਨ ਦਾਅਵਿਆਂ ਤੋਂ ਜਾਣੂ ਕਰਵਾਉਣ ਤਾਂ ਜੁ ਲੋਕ ਮੁੜ ਉਹ ਗਲਤੀ ਨਾ ਦੁਹਰਾ ਸੱਕਣ ਜੋਂ ਉਨ੍ਹਾਂ ਪਿਛਲੀਆਂ ਚੋਣਾਂ ਵਿੱਚ ਕੀਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਿਹਾ ਹੈ ਅਤੇ ਇਹ ਮਦਦ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿਸਾਨ ਮੁੜ ਪਹਿਲਾਂ ਵਾਲੀ ਥਾਂ ਤੇ ਨਹੀਂ ਆ ਜਾਂਦੇ।
ਇਸ ਮੌਕੇ ਜਥੇਦਾਰ ਗਾਬੜੀਆ ਨੇ ਕਿਹਾ ਕਿ ਪੰਜਾਬ ਦੇ ਲੋਕ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਪੰਜਾਬ ਦਾ ਜੋਂ ਵਿਕਾਸ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਇਆ ਹੈ ਲੋਕ ਉਸਨੂੰ ਯਾਦ ਕਰ ਰਹੇ ਹਨ।
ਅਕਾਲੀ ਆਗੂ ਗੁਰਦੀਪ ਸਿੰਘ ਲੀਲ ਨੇ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨੂੰ ਸਮਰਪਿਤ ਰਹਿਣਗੇ ਅਤੇ ਸ੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ। ਸੁਖਬੀਰ ਸਿੰਘ ਬਾਦਲ ਨੇ ਗੁਰਦੀਪ ਸਿੰਘ ਲੀਲ ਨੂੰ ਥਾਪੜਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਪ੍ਰਤੀ ਸਰਗਰਮ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ।