ਇਲਾਜ ’ਚ ਦੇਰੀ ਨੇ ਲਈ ਬੱਚੀ ਦੀ ਜਾਨ
ਸਿਵਲ ਹਸਪਤਾਲ ਖੰਨਾ ਵਿਚ ਪਹਿਲਾਂ ਡਾਕਟਰਾਂ ਦੇ ਨਾ ਹੋਣ ਅਤੇ ਬਾਅਦ ਵਿੱਚ ਆਕਸੀਜਨ ਖ਼ਤਮ ਹੋਣ ਕਾਰਨ ਨਵਜੰਮੀ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਅਪਰੇਸ਼ਨ ਮਗਰੋਂ ਬੱਚੀ ਦਾ ਜਨਮ ਹੋਣ ਤੋਂ ਬਾਅਦ ਉਸ ਦੀ ਸਿਹਤ ਠੀਕ ਨਾ ਹੋਣ ਕਾਰਨ 108 ਐਬੂਲੈਂਸ ਰਾਹੀਂ ਬੱਚੀ ਨੂੰ ਪਟਿਆਲਾ ਭੇਜਿਆ ਗਿਆ ਜਿੱਥੇ ਰਸਤੇ ਵਿੱਚ ਆਕਸੀਜਨ ਖਤਮ ਹੋ ਗਈ ਤੇ ਐਬੂਲੈਂਸ ਬਦਲੀ ਗਈ। ਜਦੋਂ ਪਰਿਵਾਰ ਬੱਚੀ ਨੂੰ ਲੈ ਕੇ ਪਟਿਆਲਾ ਪਹੁੰਚਿਆ ਤਾਂ ਉੱਥੇ ਵੈਂਟੀਲੇਟਰ ਉਪਲੱਬਧ ਨਾ ਹੋਣ ਕਾਰਨ ਬੱਚੀ ਨੂੰ ਅੱਗੇ ਚੰਡੀਗੜ੍ਹ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਆਕਸੀਜਨ ਲਾ ਕੇ 5-6 ਘੰਟੇ ਬੱਚੀ ਦੀ ਸੰਭਾਲ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ।
ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਕੌਰ ਵਾਸੀ ਬਾਜੀਗਰ ਬਸਤੀ ਖੰਨਾ ਦਾ ਕਰੀਬ 9 ਮਹੀਨੇ ਤੋਂ ਸਰਕਾਰੀ ਹਸਪਤਾਲ ਤੋਂ ਜਣੇਪੇ ਲਈ ਇਲਾਜ ਚੱਲ ਰਿਹਾ ਸੀ। ਕੱਲ੍ਹ ਰਾਤ ਜਦੋਂ ਉਸ ਨੂੰ ਜਣੇਪੇ ਦੇ ਦਰਦ ਕਾਰਨ ਹਸਪਤਾਲ ਪਹੁੰਚਾਇਆ ਗਿਆ ਤਾਂ ਮੌਕੇ ’ਤੇ ਕੋਈ ਗਾਈਨੀ ਡਾਕਟਰ ਨਹੀਂ ਮਿਲੀ। ਐਮਰਜੈਂਸੀ ’ਚ ਮੌਜੂਦ ਡਾਕਟਰ ਨੇ ਗਾਇਨੀ ਨਾਲ ਫੋਨ ’ਤੇ ਗੱਲ ਕਰਕੇ ਜਵਾਬ ਦਿੱਤਾ ਕਿ ਇੱਥੇ ਡਿਲੀਵਰੀ ਨਹੀਂ ਹੋ ਸਕਦੀ। ਗਰਭਵਤੀ ਮਨਦੀਪ ਦੋ ਘੰਟੇ ਇਥੇ ਬਿਨਾਂ ਇਲਾਜ ਤੜਪਦੀ ਰਹੀ ਤੇ ਮਗਰੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ, ਜਿਸ ’ਤੇ ਮਨਦੀਪ ਦੇ ਪਤੀ ਸਚਿਨ ਤੇ ਪਰਿਵਾਰ ਨੇ ਇਤਰਾਜ਼ ਕੀਤਾ ਕਿਉਂਕਿ ਉਸ ਦਾ ਇਲਾਜ ਇਥੇ ਚੱਲ ਰਿਹਾ ਸੀ।
ਇਸ ਬਾਰੇ ਸੂਚਨਾ ਮਿਲਣ ’ਤੇ ਅਕਾਲੀ ਦਲ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਹਸਪਤਾਲ ਪੁੱਜ ਕੇ ਡਾਕਟਰਾਂ ਨਾਲ ਗੱਲ ਕੀਤੀ ਪਰ ਕੋਈ ਹੱਲ ਨਾ ਨਿਕਲਿਆ। ਅਖੀਰ ਪਰਿਵਾਰ ਵੱਲੋਂ ਹੰਗਾਮਾ ਕੀਤੇ ਜਾਣ ’ਤੇ ਡਾਕਟਰਾਂ ਦੀ ਟੀਮ ਬੁਲਾਈ ਗਈ ਤੇ ਐੱਸਐੱਮਓ ਡਾ. ਮਨਿੰਦਰ ਸਿੰਘ ਭਸੀਨ ਨੇ ਮਨਦੀਪ ਦਾ ਅਪਰੇਸ਼ਨ ਕੀਤਾ। ਬੱਚੀ ਦੇ ਜਨਮ ਮਗਰੋਂ ਹਸਪਤਾਲ ਵਿੱਚ ਵੈਂਟੀਲੇਟਰ ਨਾ ਹੋਣ ਕਾਰਨ ਜੱਚਾ ਬੱਚਾ ਦੀ ਹਾਲਤ ਵਿਗੜ ਗਈ ਤੇ ਬੱਚੀ ਨੂੰ ਬਚਾਇਆ ਨਾ ਜਾ ਸਕਿਆ।
ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਡਾਕਟਰਾਂ ਦੀ ਲਾਪਰਵਾਹੀ ਤੇ ਹਸਪਤਾਲ ਵਿੱਚ ਪ੍ਰਬੰਧਾਂ ਦੀ ਘਾਟ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਬੱਚੀ ਦੀ ਜਾਨ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਅਮਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਉੱਚ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿੱਤੇ: ਐੱਸਐੱਮਓ
ਐੱਸਐੱਮਓ ਡਾ. ਭਸੀਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਗਾਇਨੀ ਡਾ. ਕਵਿਤਾ ਸ਼ਰਮਾ ਦੀ ਲਾਪਰਵਾਹੀ ਸਾਹਮਣੇ ਆਈ ਹੈ। ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਉਹ ਆਪਣੇ ਮਰੀਜ਼ ਦੀ ਜਾਂਚ ਕਰਨ ਲਈ ਆਉਂਦੇ ਕਿਉਂਕਿ ਮਰੀਜ਼ ਦੀ ਹਾਲਤ ਨਾਜ਼ੁਕ ਸੀ। ਡਾ. ਸ਼ਰਮਾ ਨੇ ਘਰ ਬੈਠਿਆਂ ਹੀ ਮਰੀਜ਼ ਨੂੰ ਰੈਫ਼ਰ ਕਰਨ ਦੇ ਹੁਕਮ ਦੇ ਦਿੱਤੇ ਜਦਕਿ ਉਨ੍ਹਾਂ ਸਟੇਸ਼ਨ ਛੱਡਣ ਦੀ ਛੁੱਟੀ ਨਹੀਂ ਲਈ ਹੋਈ ਸੀ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਸਿਵਲ ਸਰਜਨ ਪੱਧਰ ’ਤੇ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਕਸਜੀਨ ਖ਼ਤਮ ਹੋਣ ਦੀ ਗੱਲ ਝੂਠੀ ਹੈ ਕਿਉਂਕਿ ਨਵਾਂ ਸਿਲੰਡਰ ਜਾਂਚ ਕਰਕੇ ਭੇਜਿਆ ਗਿਆ ਸੀ ਪੀਰ ਬੱਚੀ ਦੀ ਹਾਲਤ ਨਾਜ਼ੁਕ ਸੀ।