ਡੀਐੱਮਸੀਐਂਡਐੱਚ ਨੇ ਐੱਮਬੀਬੀਐੱਸ ਬੈਚ 2019 ਦਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ 80 ਐੱਮਬੀਬੀਐੱਸ ਵਿਦਿਆਰਥੀਆਂ ਡਿਗਰੀਆਂ, 67 ਸਰਟੀਫਿਕੇਟ ਅਤੇ 16 ਤਮਗੇ ਨੂੰ ਪ੍ਰਦਾਨ ਕੀਤੇ ਗਏ। ਸਮਾਗਮ ਵਿੱਚ ਕੈਬਨਿਟ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦਕਿ ਬੀਐੱਫਯੂਐੱਚਐੱਸ, ਫਰੀਦਕੋਟ ਤੋਂ ਡਾ. ਦੀਪਕ ਜੌਨ ਭੱਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡੀਐੱਮਸੀਐਂਡਐੱਚ ਪ੍ਰਬੰਧਕੀ ਸੁਸਾਇਟੀ ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ, ਸਕੱਤਰ ਬਿਪਿਨ ਗੁਪਤਾ, ਖਜਾਨਚੀ ਮੁਕੇਸ਼ ਵਰਮਾ, ਪ੍ਰਿੰਸਿਪਲ ਡਾ. ਜੀ.ਐਸ. ਵੰਡਰ, ਡੀਨ ਅਕੈਡਮਿਕਸ ਡਾ. ਸੰਦੀਪ ਕੌਸ਼ਲ, ਮੈਡੀਕਲ ਸੁਪਰਿੰਟੈਂਡੈਂਟ ਡਾ. ਅਸ਼ਵਨੀ ਕੇ. ਚੌਧਰੀ , ਡਾ. ਸੰਦੀਪ ਸ਼ਰਮਾ, ਡਾ. ਬਿਸ਼ਵ ਮੋਹਨ ਅਤੇ ਡਾ. ਅਸ਼ੀਮਾ ਤਨੇਜਾ ਵੀ ਹਾਜ਼ਰ ਸਨ।
ਸਮਾਰੋਹ ਦੀ ਸ਼ੁਰੂਆਤ ਸ਼ਾਨਦਾਰ ਅਕੈਡਮਿਕ ਪ੍ਰੋਸੇਸ਼ਨ ਨਾਲ ਹੋਈ। ਸਕੱਤਰ ਬਿਪਿਨ ਗੁਪਤਾ ਅਤੇ ਡਾ. ਪੀਐਲ ਗੌਤਮ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਪ੍ਰਿੰਸਿਪਲ ਡਾ. ਜੀ.ਐਸ. ਵੰਡਰ ਨੇ ‘ਸਾਲਾਨਾ ਕਾਲਜ ਰਿਪੋਰਟ’ ਪੇਸ਼ ਕੀਤੀ । ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ ਨੇ ਕਿਹਾ ਕਿ ਟੈਕਨਾਲੋਜੀ ਸਹੀ ਨਤੀਜੇ ਦੇ ਸਕਦੀ ਹੈ ਪਰ ਡਾਕਟਰ ਦੀ ਦਇਆਭਾਵਨਾ ਨੂੰ ਕੋਈ ਮਸ਼ੀਨ ਨਹੀਂ ਬਦਲ ਸਕਦੀ। ਇਕ ਚੰਗਾ ਡਾਕਟਰ ਕੇਵਲ ਕਾਬਲ ਨਹੀਂ ਹੁੰਦਾ, ਸਗੋਂ ਚੰਗਾ ਮਨੁੱਖ ਵੀ ਹੁੰਦਾ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡਿਗਰੀਆਂ, ਸਰਟੀਫਿਕੇਟ ਅਤੇ ਤਗਮੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਾਕਟਰੀ ਕਿੱਤੇ ਵਿੱਚ ਆਈ ਨਵੀਂ ਤਕਨਾਲੋਜੀ ਦੀ ਢੁਕਵੀਂ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਜਿੱਥੇ 80 ਐਮਬੀਬੀਐਸ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ੳੱੁਥੇ ਖੇਡਾਂ ਲਈ ਕਾਲਜ ਕਲਰ ਇਨਾਮ ਡਾ. ਅਭਾਏਵ ਪ੍ਰਤਾਪ ਸਿੰਘ ਸੋਢੀ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਸੱਭਿਆਚਾਰਕ ਗਤੀਵਿਧੀਆਂ ਲਈ ਕਾਲਜ ਕਲਰ ਇਨਾਮ ਡਾ. ਇਸ਼ਿਤਾ ਗੁਪਤਾ ਨੂੰ ਪ੍ਰਦਾਨ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ‘ਡਾ. ਸ਼ੁਭਮ ਮੁੰਜਾਲ’ ਨੂੰ ਬੈਸਟ ਗਰੈਜੂਏਟ ਅਤੇ ਬੈਸਟ ਆਲ ਰਾਊਂਡਰ ਐਲਾਨਿਆ ਗਿਆ ਜਦੋਂਕਿ ਡਾ. ਇਸ਼ਿਤਾ ਗੁਪਤਾ ਨੂੰ ਸੈਕਿੰਡ ਬੈਸਟ ਗਰੈਜੂਏਟ ਦਾ ਖਿਤਾਬ ਮਿਲਿਆ। ਸਮਾਰੋਹ ਦਾ ਸੰਪੂਰਨ ਧੰਨਵਾਦ ਭਾਸ਼ਣ ਡੀਨ ਅਕੈਡਮਿਕਸ ਡਾ. ਸੰਦੀਪ ਕੌਸ਼ਲ ਨੇ ਕੀਤਾ।