ਆਰੀਆ ਕਾਲਜ ਵਿੱਚ ਅੱਜ ਹੋਏ ਡਿਗਰੀ ਵੰਡ ਸਮਾਗਮ ਵਿੱਚ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਮੁਕੰਮਲ ਕਰਨ ਵਾਲੇ 500 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਆਡੀਟੋਰੀਅਮ ਵਿੱਚ ਕਰਵਾਏ ਇਸ ਸਮਾਰੋਹ ਵਿੱਚ ਐਮ.ਏ. ਰਾਜਨੀਤੀ ਸ਼ਾਸਤਰ, ਐਮ.ਏ. ਇਤਿਹਾਸ, ਐਮ.ਕਾਮ., ਪੀ.ਜੀ.ਡੀ.ਐਮ.ਐਮ, ਪੀ.ਜੀ.ਡੀ.ਸੀ.ਏ., ਐਮ.ਐਸ.ਸੀ. ਆਈ.ਟੀ., ਬੀ.ਬੀ.ਏ., ਬੀ.ਸੀ.ਏ., ਬੀ.ਕਾਮ., ਬੀ.ਐਸ.ਸੀ., ਅਤੇ ਬੀ.ਏ. ਸਮੇਤ ਕਈ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਉੱਘੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਡਿਗਰੀਆਂ ਵੰਡੀਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਦ੍ਰਿੜਤਾ, ਅਨੁਸ਼ਾਸਨ ਅਤੇ ਜੀਵਨ ਭਰ ਸਿੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਹਨਾਂ ਸਮਝਾਇਆ ਕਿ ਸਿੱਖਿਆ ਨਾ ਸਿਰਫ ਨਿੱਜੀ ਸਫਲਤਾ ਦਾ ਸਾਧਨ ਹੈ, ਸਗੋਂ ਸਮਾਜ ਅਤੇ ਰਾਸ਼ਟਰ ਦੀ ਤਰੱਕੀ ਪ੍ਰਤੀ ਇੱਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਨੌਜਵਾਨਾਂ ਨੂੰ ਪ੍ਰਗਤੀਸ਼ੀਲ ਪੰਜਾਬ ਅਤੇ ਇੱਕ ਮਜ਼ਬੂਤ ਭਾਰਤ ਬਣਾਉਣ ਲਈ ਹਰ ਪੱਖੋਂ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।
ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਸੰਸਥਾ ਦੀਆਂ ਪ੍ਰਾਪਤੀਆਂ, ਨਵੀਆਂ ਅਕਾਦਮਿਕ ਪਹਿਲਕਦਮੀਆਂ, ਖੋਜ ਯੋਗਦਾਨਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਗੱਲ ਕਰਦਿਆਂ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਗਮ ਵਿੱਚ ਆਰੀਆ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ, ਉਪ ਪ੍ਰਧਾਨ ਅਸ਼ੋਕ ਪਰੂਥੀ ਅਤੇ ਸਕਡਾ. ਐਸ.ਐਮ. ਸ਼ਰਮਾ ਜੀ (ਸਕੱਤਰ), ਜਿਨ੍ਹਾਂ ਨੇ ਸੰਸਥਾ ਦੀ ਸਾਖ ਨੂੰ ਬਰਕਰਾਰ ਰੱਖਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਦੇ ਦੂਜੇ ਸੈਸ਼ਨ ਵਿੱਚ ਈਸਟਮੈਨ ਇੰਡਸਟਰੀਜ਼ ਦੇ ਚੇਅਰਮੈਨ ਜਗਦੀਸ਼ ਰਾਏ ਸਿੰਘਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਗਰੈਜੂਏਟਾਂ ਨੂੰ ਉਦਯੋਗ ਅਤੇ ਸਮਾਜ ਦੀਆਂ ਗਤੀਸ਼ੀਲ ਜ਼ਰੂਰਤਾਂ ਦੇ ਅਨੁਸਾਰ ਆਪਣੇ ਹੁਨਰਾਂ ਨੂੰ ਇਕਸਾਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ।