ਦਿਆਲਪੁਰਾ ਨੇ ਮਾਛੀਵਾੜਾ ਮੰਡੀ ’ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ
ਹਡ਼੍ਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਜਲਦ ਮਿਲੇਗਾ ਫ਼ਸਲਾਂ ਦਾ ਮੁਆਵਜ਼ਾ
ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮਾਛੀਵਾੜਾ ਦਾਣਾ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਵਾਈ। ਪਨਗ੍ਰੇਨ ਏਜੰਸੀ ਵੱਲੋਂ ਆੜ੍ਹਤੀ ਮੋਹਿਤ ਕੁੰਦਰਾ ਦੀ ਦੁਕਾਨ ਤੋਂ ਕਿਸਾਨ ਹਰਪਾਲ ਸਿੰਘ ਪਵਾਤ ਦੀ ਝੋਨੇ ਦੀ ਢੇਰੀ ਖਰੀਦੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਦਿਆਲਪੁਰਾ ਨੇ ਕਿਹਾ ਕਿ ਝੋਨੇ ਦੀ ਖਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨ ਸੁੱਕੀ ਫ਼ਸਲ ਹੀ ਮੰਡੀ ’ਚ ਲਿਆਉਣ ਜਿਸ ਦੀ ਤੁਰੰਤ ਖਰੀਦ ਹੋਵੇਗੀ। ਉਨ੍ਹਾਂ ਅੱਜ ਖਰੀਦ ਦੇ ਨਾਲ ਲਿਫਟਿੰਗ ਦਾ ਕੰਮ ਵੀ ਸ਼ੁਰੂ ਕਰਵਾਇਆ। ਵਿਧਾਇਕ ਸ੍ਰੀ ਦਿਆਲਪੁਰਾ ਨੇ ਕਿਹਾ ਕਿ ਮਾਛੀਵਾੜਾ ਬੇਟ ਖੇਤਰ ਵਿੱਚ ਵੀ ਹੜ੍ਹ ਨਾਲ ਕਈ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੋਈ ਜਿਨ੍ਹਾਂ ਦੀ ਗਿਰਦਾਵਰੀ ਦਾ ਕੰਮ ਜਾਰੀ ਹੈ ਅਤੇ ਜਲਦ ਉਨ੍ਹਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਸੋਹਣ ਲਾਲ ਸ਼ੇਰਪੁਰੀ, ਸਾਬਕਾ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਗੁਰਨਾਮ ਸਿੰਘ ਨਾਗਰਾ, ਰਾਜੀਵ ਕੌਸ਼ਲ, ਟਰੱਕ ਯੂਨੀਅਨ ਦੇ ਪ੍ਰਧਾਨ ਬਲਪ੍ਰੀਤ ਸਿੰਘ ਸ਼ਾਮਗੜ੍ਹ, ਪੀ ਏ ਨਵਜੀਤ ਸਿੰਘ, ਜੈਦੀਪ ਸਿੰਘ ਕਾਹਲੋਂ, ਇੰਸਪੈਕਟਰ ਅਮਰਿੰਦਰ ਸਿੰਘ ਹੈਪੀ, ਯਾਦਵਿੰਦਰ ਸਿੰਘ ਤੇ ਮੈਨੇਜਰ ਤਰਸਦੀਪ ਸਿੰਘ ਮੌਜੂਦ ਸਨ।