ਬੁੱਢੇ ਦਰਿਆ ਦੀ ਪੁਨਰ-ਸੁਰਜੀਤੀ ਲਈ ਡੇਅਰੀਆਂ ਵਿੱਚੋਂ ਨਿਕਲਦੇ ਗੰਦੇ ਪਾਣੀ ਨੂੰ ਸਿੱਧਾ ਦਰਿਆ ਵਿੱਚ ਡੇਗਣ ਤੋਂ ਬੰਦ ਕੀਤਾ ਗਿਆ ਹੈ। ਇਸ ਪਾਣੀ ਨੂੰ ਸਾਫ਼ ਕਰਨ ਲਈ ਡੇਅਰੀ ਕੰਪਲੈਕਸ ਨੇੜੇ ਬਣਾਏ ਆਰਜ਼ੀ ਛੱਪੜਾਂ ਦੇ ਆਲੇ-ਦੁਆਲੇ ਲਾਈ ਵਾੜ ਦਾ ਕੁੱਝ ਹਿੱਸਾ ਡਿੱਗਣ ਕਾਰਨ ਹੁਣ ਇਸ ਵਿੱਚ ਅਵਾਰਾ ਪਸ਼ੂਆਂ ਦੇ ਡਿੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਸ਼ਹਿਰ ਦੇ ਸੀਵਰੇਜ, ਡੇਅਰੀਆਂ ਅਤੇ ਉਦਯੋਗਿਕ ਇਕਾਈਆਂ ਵਿੱਚੋਂ ਨਿਕਲਦੇ ਪ੍ਰਦੂਸ਼ਿਤ ਪਾਣੀ ਨੇ ਇਤਿਹਾਸਕ ਬੁੁੱਢਾ ਦਰਿਆ ਨੂੰ ਬੁੁੱਢਾ ਨਾਲਾ ਬਣਾ ਦਿੱਤਾ ਗਿਆ ਹੈ। ਇਸ ਦੀ ਪੁਨਰ-ਸੁਰਜੀਤੀ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਚੱਲ ਰਿਹਾ ਹੈ। ਇਸ ਲਈ ਦਰਿਆ ਦੇ ਆਲੇ-ਦੁਆਲੇ ਕਈ ਟ੍ਰੀਟਮੈਂਟ ਪਲਾਂਟ ਲਾਏ ਹੋਏ ਹਨ। ਇਸੇ ਹੀ ਤਰਜ਼ ’ਤੇ ਡੇਅਰੀਆਂ ਵਿੱਚੋਂ ਨਿਕਲਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਤਾਜਪੁਰ ਰੋਡ ’ਤੇ ਅੰਮ੍ਰਿਤ ਧਰਮ ਕੰਡੇ ਲਾਗੇ ਬਣੀ ਪੁਲੀ ਕੋਲ ਛੱਪੜ ਨੁਮਾ ਕੱਚਾ ਪਲਾਂਟ ਬਣਾਇਆ ਗਿਆ ਹੈ। ਕਰੀਬ 8 ਤੋਂ 10 ਫੁੱਟ ਡੂੰਘੇ ਇਨ੍ਹਾਂ ਛੱਪੜਾਂ ਵਿੱਚ ਡੇਅਰੀਆਂ ਵਿੱਚੋਂ ਆਉਣ ਵਾਲੇ ਪ੍ਰਦੂਸ਼ਿਤ ਪਾਣੀ ਨੂੰ ਸਾਫ਼ ਕੀਤਾ ਜਾਂਦਾ ਹੈ। ਅਵਾਰਾ ਪਸ਼ੂਆਂ ਨੂੰ ਇਨ੍ਹਾਂ ਵਿੱਚ ਡਿਗਣ ਤੋਂ ਬਚਾਉਣ ਲਈ ਛੱਪੜਾਂ ਦੇ ਆਲੇ-ਦੁਆਲੇ ਆਰਜ਼ੀ ਰੋਕ ਲਾਈ ਗਈ ਸੀ ਪਰ ਮੀਂਹਾਂ ਦੇ ਦਿਨਾਂ ਵਿੱਚ ਇਸ ਦਾ ਕੁੱਝ ਹਿੱਸਾ ਵੀ ਡਿੱਗ ਗਿਆ। ਰਾਤ ਸਮੇਂ ਕੋਈ ਰੌਸ਼ਨੀ ਨਾ ਹੋਣ ਕਰਕੇ ਅਵਾਰਾ ਪਸ਼ੂਆਂ ਦੇ ਡਿੱਗਣ ਦਾ ਖਤਰਾ ਵਧ ਗਿਆ ਹੈ। ਜੇਕਰ ਸਮਾਂ ਰਹਿੰਦਿਆਂ ਪ੍ਰਸ਼ਾਸਨ ਨੇ ਇਨ੍ਹਾਂ ਦੁਆਲੇ ਰੋਕਾਂ ਪੱਕੀਆਂ ਨਾ ਕੀਤੀਆਂ ਤਾਂ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ।