ਦਰੱਖ਼ਤਾਂ ਦੀ ਕਟਾਈ ਤੋਂ ਪਹਿਲਾਂ ਲਾਏ ਬੂਟਿਆਂ ’ਤੇ ਛਾਇਆ ਖਤਰਾ
ਫ਼ਸਲ ਦੀ ਆਮਦ ਤੋਂ ਪਹਿਲਾਂ ਪੰਚਾਇਤ ਨੇ ਮੰਡੀ ਦੀ ਫਡ਼੍ਹ ’ਚ ਲਾਏ ਸਨ ਬੂਟੇ
ਪਿੰਡ ਸੁਧਾਰ ਤੋਂ ਬੋਪਾਰਾਏ ਕਲਾਂ ਸੜਕ ਚੌੜੀ ਕਰਨ ਲਈ ਕੱਟੇ ਜਾਣ ਵਾਲੇ ਰੁੱਖਾਂ ਦੀ ਭਰਪਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮ ਅਨੁਸਾਰ ਪਿੰਡ ਸੁਧਾਰ ਦੀ ਪੰਚਾਇਤ ਵੱਲੋਂ ਲਾਏ ਗਏ ਸੈਂਕੜੇ ਨਵੇਂ ਬੂਟਿਆਂ ’ਤੇ ਮੁੜ ਤਲਵਾਰ ਲਟਕ ਗਈ ਹੈ। ਝੋਨੇ ਦੇ ਸੀਜ਼ਨ ਦੌਰਾਨ ਮੰਡੀ ਦੇ ਫੜ੍ਹ ਵਿੱਚ ਲਾਏ ਗਏ ਬੂਟੇ ਮਿੱਧੇ ਜਾਣ ਦੇ ਖ਼ਦਸ਼ੇ ਤਹਿਤ ਅੱਜ ਪਿੰਡ ਸੁਧਾਰ ਦੀ ਸਰਪੰਚ ਹਰਜਿੰਦਰ ਕੌਰ ਦੇ ਪਤੀ ਇੰਦਰਜੀਤ ਸਿੰਘ ਗਿੱਲ, ਸਹਿਕਾਰੀ ਸਭਾ ਦੇ ਪ੍ਰਧਾਨ ਹਰਮੇਲ ਸਿੰਘ ਗਿੱਲ ਸਮੇਤ ਕੁਝ ਪੰਚਾਂ ਤੋਂ ਇਲਾਵਾ ਪਿੰਡ ਪੱਤੀ ਧਾਲੀਵਾਲ ਦੇ ਸਰਪੰਚ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਸਥਾਨਕ ਪ੍ਰਧਾਨ ਹਰਮੇਲ ਸਿੰਘ ਧਾਲੀਵਾਲ ਸਮੇਤ ਕੁਝ ਕਿਸਾਨ ਆਗੂਆਂ ਅਤੇ ਕੁਝ ਸਮਾਜ-ਸੇਵੀਆਂ ਨੇ ਸੁਧਾਰ ਦੀ ਅਨਾਜ ਮੰਡੀ ਵਿੱਚ ਮੀਟਿੰਗ ਕੀਤੀ।
ਸੀਜ਼ਨ ਦੌਰਾਨ ਦਿਨ ਰਾਤ ਆਉਣ ਵਾਲੀਆਂ ਝੋਨੇ ਦੀਆਂ ਟਰਾਲੀਆਂ ਅਤੇ ਫ਼ਸਲ ਦੇ ਢੇਰਾਂ ਹੇਠ ਆ ਕੇ ਨਵੇਂ ਲਾਏ ਰੁੱਖਾਂ ਦੇ ਨੁਕਸਾਨ ਕਾਰਨ ਕਾਨੂੰਨੀ ਕਾਰਵਾਈ ਮੀਟਿੰਗ ਦੌਰਾਨ ਚਿੰਤਾ ਦਾ ਵਿਸ਼ਾ ਰਹੀ। ਪੁੱਟੇ ਜਾਣ ਵਾਲੇ ਰੁੱਖਾਂ ਦੀ ਭਰਪਾਈ ਲਈ ਲਾਏ ਗਏ ਰੁੱਖਾਂ ਦੀ ਪੰਜ ਸਾਲ ਤੱਕ ਸਾਂਭ-ਸੰਭਾਲ ਲਈ ਪਿੰਡ ਸੁਧਾਰ ਦੀ ਪੰਚਾਇਤ ਨੂੰ ਕਾਨੂੰਨੀ ਪਾਬੰਦ ਕੀਤੇ ਜਾਣ ਕਾਰਨ ਇਹ ਮੁੱਦਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਦੀ ਬੇਨਤੀ ਤੋਂ ਬਾਅਦ ਦੋਵੇਂ ਪੰਚਾਇਤਾਂ ਨੇ ਨੁਕਸਾਨੇ ਜਾਣ ਵਾਲੇ ਰੁੱਖਾਂ ਦੇ ਬਦਲੇ ਹੋਰ ਬੂਟੇ ਲਾਉਣ ਦੀ ਯੋਜਨਾ ਬਣਾਈ ਹੈ।
ਬੂਟਿਆਂ ਦੀ ਸੁਰੱਖਿਆ ਪੰਚਾਇਤ ਦੀ ਜ਼ਿੰਮੇਵਾਰੀ: ਜੰਗਲਾਤ ਅਧਿਕਾਰੀ
ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਨਵੇਂ ਬੂਟੇ ਲਾਉਣ ਤੋਂ ਪਹਿਲਾਂ ਸੁਰੱਖਿਅਤ ਸਥਾਨ ਦੀ ਨਿਸ਼ਾਨਦੇਹੀ ਪੰਚਾਇਤ ਵੱਲੋਂ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਅਸਲ ਸਥਿਤੀ ਬਾਰੇ ਪੜਤਾਲ ਉਪਰੰਤ ਇਸ ਬਾਰੇ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਜਾਵੇਗੀ।