ਦਲਿਤ ਸੰਗਠਨਾਂ ਵੱਲੋਂ ਕੌਮੀ ਹਾਈਵੇ ’ਤੇ ਆਵਾਜਾਈ ਠੱਪ
ਕਈ ਕਿਲੋਮੀਟਰ ਲੰਬਾ ਜਾਮ ਲੱਗਿਆ; ਪ੍ਰਸ਼ਾਸਨ ਦੇ ਭਰੋਸੇ ਮਗਰੋਂ ਜਾਮ ਖੋਲ੍ਹਿਆ
ਹਰਿਆਣਾ ਦੇ ਏਡੀਜੀਪੀ ਆਈਪੀਐੱਸ ਅਧਿਕਾਰੀ ਦੇ ਖੁਦਕੁਸ਼ੀ ਦੇ ਮਾਮਲੇ ਵਿੱਚ ਪੰਜਾਬ ਦੇ ਵੱਖ-ਵੱਖ ਦਲਿਤ ਸੰਗਠਨਾਂ ਨੇ ਭਾਰਤੀ ਵਾਲਮੀਕ ਧਰਮ ਸਮਾਜ ਦੀ ਅਗਵਾਈ ਹੇਠ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਜਾਮ ਕੀਤਾ। ਇਸ ਦੌਰਾਨ ਜਲੰਧਰ ਬਾਈਪਾਸ ਚੌਕ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ, ਦਲਿਤ ਸਮਾਜ ਦੇ ਆਗੂਆਂ ਨੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਾਲ ਹੀ ਆਗੂਆਂ ਨੇ ਮੰਗ ਕੀਤੀ ਕਿ ਕੇਸ ਵਿੱਚ ਨਾਮਜਦ ਮੁਲਜ਼ਮਾਂ ਦੀ ਜਲਦ ਤੋਂ ਜਲਦ ਗ੍ਰਿਫ਼ਤਾਰੀ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਚੌਕ ਵਿੱਚ ਜਾਮ ਲਗਾ ਦਿੱਤਾ ਤੇ ਕਿਸੇ ਵੀ ਵਾਹਨ ਨੂੰ ਮੌਕੇ ਤੋਂ ਲੰਘਣ ਨਹੀਂ ਦਿੱਤਾ। ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕਾਫ਼ੀ ਸਮਝਾਇਆ ਗਿਆ, ਪਰ ਉਨ੍ਹਾਂ ਨੇ ਕਿਸੇ ਦੀ ਨਹੀਂ ਸੁਣੀ। ਜਾਮ ਲੱਗਣ ਕਾਰਨ ਮੁੱਖ ਹਾਈਵੇ ’ਤੇ ਲੰਬੀਆਂ ਲਾਈਨਾਂ ਲੱਗ ਗਈਆ। ਲੋਕ ਪਰੇਸ਼ਾਨ ਹੋਣ ਲੱਗੇ। ਕਰੀਬ ਡੇਢ ਘੰਟੇ ਬਾਅਦ ਹੀ ਕਈ ਕਿੱਲੋਮੀਟਰ ਤੱਕ ਜਾਮ ਲੱਗ ਗਿਆ ਤੇ ਪੁਲੀਸ ਨੂੰ ਮੌਕੇ ਤੋਂ ਰੂਟ ਡਾਇਵਰਟ ਵੀ ਕਰਨਾ ਪਇਆ। ਲੋਕ ਜਾਮ ਕਾਰਨ ਕਾਫ਼ੀ ਪਰੇਸ਼ਾਨੀ ਹੁੰਦੇ ਰਹੇ। ਕਈ ਥਾਵਾਂ ’ਤੇ ਲੋਕਾਂ ਦੀ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਬਹਿਸ ਵੀ ਹੋਈ। ਕਰੀਬ ਦੋ ਢਾਈ ਘੰਟੇ ਬਾਅਦ ਐਸਡੀਐਮ ਜਸਲੀਨ ਭੁੱਲਰ ਦੇ ਭਰੋਸਾ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਜਾਮ ਖੋਲਿ੍ਹਆ। ਇਸ ਮੌਕੇ ’ਤੇ ਦਲਿਤ ਆਗੂ ਰਮਨਜੀਤ ਲਾਲੀ, ਬਲਵਿੰਦਰ ਸਿੰਘ ਬਿੱਟੂ, ਚੌਧਰੀ ਯਸ਼ਪਾਲ ਸਣੇ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ।
ਦਰਅਸਲ, ਹਰਿਆਣਾ ਦੇ ਆਈਪੀਐਸ ਅਧਿਕਾਰੀ ਨੇ ਕੁੱਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਜਿਸ ਦੀ ਖੁਦਕੁਸ਼ੀ ਤੋਂ ਬਾਅਦ ਪੂਰੇ ਦੇਸ਼ ਵਿੱਚ ਸਿਆਸੀ ਭੂਚਾਲ ਆਇਆ ਹੋਇਆ ਹੈ। ਉਨ੍ਹਾਂ ਦੀ ਪਤਨੀ ਨੇ ਮੁਲਜ਼ਮਾਂ ਤੇ ਕਾਰਵਾਈ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ। ਉਸੇ ਨੂੰ ਲੈ ਕੇ ਅੱਜ ਦਲਿਤ ਸਮਾਜ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਜਲੰਧਰ ਬਾਈਪਾਸ ਵਿੱਚ ਜਦੋਂ ਹੀ ਪ੍ਰਦਰਸ਼ਨ ਸ਼ੁਰੂ ਹੋਇਆ ਤਾਂ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਮੇਨ ਅੰਮ੍ਰਿਤਸਰ ਦਿੱਲੀ ਹਾਈਵੇ ਹੋਣ ਕਾਰਨ ਉਥੇ ਵਾਹਨਾਂ ਦੀ ਆਵਾਜਾਈ ਵੀ ਬਹੁਤ ਰਹਿੰਦੀ ਹੈ। ਇਸ ਕਰਕੇ ਕੁੱਝ ਹੀ ਸਮੇਂ ਬਾਅਦ ਉਥੇ ਕਾਫ਼ੀ ਜ਼ਿਆਦਾ ਟਰੈਫਿਕ ਜਾਮ ਵਰਗਾ ਮਾਹੌਲ ਹੋ ਗਿਆ। ਪ੍ਰਦਰਸ਼ਨਕਾਰੀ ਮੌਕੇ ’ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਨਾਲ ਹੀ ਆਗੂਆਂ ਇਸ ਗੱਲ ਨੂੰ ਵੀ ਲੈ ਕੇ ਅੜ੍ਹੇ ਰਹੇ ਕਿ ਮੌਕੇ ’ਤੇ ਡੀਸੀ ਖੁੱਦ ਆਉਣ।
ਐੱਸ ਡੀ ਐੱਮ ਨੇ ਮੌਕੇ ’ਤੇ ਪਹੁੰਚ ਕੇ ਕੀਤੀ ਗੱਲ
ਐਸਡੀਐਮ ਜਸਲੀਨ ਕੌਰ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਆਗੂਆਂ ਨੂੰ ਕਾਫ਼ੀ ਸਮਝਾਉਣ ਤੋਂ ਬਾਅਦ ਉਨ੍ਹਾਂ ਨੇ ਜਾਮ ਖੋਲ੍ਹਿਆ। ਮੌਕੇ ’ਤੇ ਜਾਮ ਖੁੱਲ੍ਹਵਾਉਣ ਲਈ ਪੁਲੀਸ ਨੂੰ ਕਾਫ਼ੀ ਮਿਹਨਤ ਕਰਨੀ ਪਈ। ਕਾਫ਼ੀ ਸੜਕਾਂ ਤੋਂ ਟਰੈਫਿਕ ਡਾਇਵਰਟ ਕਰਵਾਇਆ ਗਿਆ। ਜਿਸ ਤੋਂ ਬਾਅਦ ਕਈ ਘੰਟਿਆਂ ਬਾਅਦ ਟਰੈਫਿਕ ਆਸਾਨੀ ਨਾਲ ਚੱਲਣਾ ਸ਼ੁਰੂ ਹੋਇਆ।