ਜੀਂਦ ਵਿੱਚ ਰੇਲ ਗੱਡੀ ਦੇ ਠਹਿਰਾਅ ਲਈ ਦਾਦੂਵਾਲ ਵੱਲੋਂ ਕੇਂਦਰੀ ਮੰਤਰੀ ਦਾ ਧੰਨਵਾਦ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਜੂਨ
ਰੇਲਵੇ ਵਿਭਾਗ ਵੱਲੋਂ ਤਖ਼ਤ ਸ੍ਰੀ ਅਬਿਚਲ ਨਗਰ ਨਾਂਦੇੜ ਜਾਂਦੀ ਸਚਖੰਡ ਐਕਸਪ੍ਰੈੱਸ ਰੇਲ ਗੱਡੀ ਨੂੰ ਧਮਧਾਨ ਸਾਹਿਬ ਜੀਂਦ ਰੇਲਵੇ ਸਟੇਸ਼ਨ ’ਤੇ ਦੋ ਮਿੰਟ ਲਈ ਰੋਕਣ ’ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਰੇਲਵੇ ਵਿਭਾਗ ਤੇ ਖ਼ਾਸ ਕਰਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ ਹੈ।
ਅੱਜ ਇੱਥੇ ਗੱਲਬਾਤ ਦੌਰਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੀਂਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਧਮਧਾਨ ਸਾਹਿਬ ਪਾਤਸ਼ਾਹੀ ਨੌਵੀਂ ਹੈ। ਇਸ ਅਸਥਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਦਰਸ਼ਨੀ ਡਿਉਢੀ ਦਾ ਖ਼ਿਤਾਬ ਵੀ ਦਿੱਤਾ ਹੈ। ਗੁਰੂ ਮਹਾਰਾਜ ਦਾ ਹੁਕਮ ਸੀ ਕਿ ਜਦੋਂ ਵੀ ਕੋਈ ਸਿੱਖ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਆਵੇ ਤਾਂ ਪਹਿਲਾਂ ਗੁਰਦੁਆਰਾ ਧਮਧਾਨ ਸਾਹਿਬ ਦੇ ਦਰਸ਼ਨ ਦੀਦਾਰੇ ਕਰੇ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਧਮਧਾਨ ਸਾਹਿਬ ਜੀਂਦ ਵਿੱਚ ਪਹਿਲਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਜਾਂਦੀ ਰੇਲ ਗੱਡੀ ਰੁੱਕਦੀ ਨਹੀਂ ਸੀ। ਇਸ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਨਗਰ ਪੰਚਾਇਤਾਂ ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਅਤੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲ ਕੇ ਅਪੀਲ ਕੀਤੀ ਸੀ ਕਿ ਰੇਲ ਗੱਡੀ ਇੱਥੇ ਰੋਕੀ ਜਾਵੇ। ਸਿੱਖ ਸੰਗਤ ਦੀ ਮੰਗ ਨੂੰ ਵੇਖਦਿਆਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੇ ਯਤਨਾਂ ਸਦਕਾ ਹੁਣ 2 ਮਿੰਟ ਲਈ ਰੇਲ ਗੱਡੀ ਧਮਧਾਨ ਸਾਹਿਬ ਰੇਲਵੇ ਸਟੇਸ਼ਨ ’ਤੇ ਰੁਕਿਆ ਕਰੇਗੀ ਜਿਸ ਦਾ ਇਲਾਕੇ ਅਤੇ ਸਿੱਖ ਸੰਗਤ ਨੂੰ ਬਹੁਤ ਵੱਡਾ ਲਾਭ ਹੋਵੇਗਾ।