ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਪਤਵੰਤਿਆਂ ਨਾਲ ਰਲ ਕੇ ਸ਼ਹਿਰ ਵਿੱਚ ਸਾਈਕਲ ਰੈਲੀ ਕੀਤੀ ਗਈ। ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਮੁਖੀ ਬੈਂਕ ਅਧਿਕਾਰੀਆਂ ਅਤੇ ਵੱਡੇ ਸਮੂੰਹ ਦੀ ਅਗਵਾਈ ਡਿਵੀਜ਼ਨ ਡੀਐੱਸਪੀ ਜਸਯਜੋਤ ਸਿੰਘ ਨੇ ਆਪ ਸਾਈਕਲ ਚਲਾ ਕੇ ਕੀਤੀ। ਉਨ੍ਹਾਂ ਸਾਈਕਲ ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਹਾਜ਼ਰ ਪਤਵੰਤਿਆਂ ਨੂੰ ਮੁਖਾਤਿਬ ਹੁੰਦਿਆਂ ਆਖਿਆ ਕਿ ਸਾਈਕਲ ਚਲਾਉਣ ਨਾਲ ਮਨੁੱਖ ਦੇ ਸਾਰੇ ਸਰੀਰ ਦੀ ਕਸਰਤ ਹੁੰਦੀ ਹੈ। ਜੇਕਰ ਸਿਹਤ ਪੱਖੋਂ ਅਸੀਂ ਸਾਰੇ ਤੰਦਰੁਸਤ ਹੋਵਾਂਗੇ ਤਾਂ ਹੀ ਆਪਣੇ ਆਲੇ ਦੁਆਲੇ ਅਤੇ ਪਰਿਵਾਰਾਂ ਨੂੰ ਖੁਸ਼ਹਾਲ ਰੱਖ ਸਕਾਂਗੇ।
ਉਨ੍ਹਾਂ ਆਖਿਆ ਕਸਰਤ ਅਜਿਹਾ ਵੱਡਮੁੱਲਾ ਖਜ਼ਾਨਾ ਹੈ ਜਿਸ ਨਾਲ ਅਸੀਂ ਸਾਰੇ ਨਸ਼ਿਆਂ ਤੋਂ ਰਹਿਤ ਤੰਦਰੁਸਤ ਸਮਾਜ਼ ਸਿਰਜ ਸਕਦੇ ਹਾਂ। ਉਨ੍ਹਾਂ ਆਖਿਆ ਕਿ ਅੱਜ ਦੀ ਰੈਲੀ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਸਿਰਲੇਖ ਹੇਠ ਕੰਮ ਕਰਨ ਵਾਲੀਆਂ ਸਮਾਜ਼ ਸੇਵੀ ਸੰਸਥਾਵਾਂ ਨੂੰ ਬਲ ਮਿਲੇਗਾ ਅਤੇ ਸਮਾਜ਼ ਵਿੱਚ ਖਾਸ ਕਰ ਜਗਰਾਉਂ ਵਾਸੀਆਂ ’ਚ ਚੰਗਾ ਸੁਨੇਹਾ ਘਰ ਕਰੇਗਾ।ਇਸ ਰੈਲੀ ਵਿੱਚ ਡਾ.ਵੰਦਨ ਗੋਇਲ, ਨਰਿੰਦਰ ਕੋਚਰ ਬੈਂਕ ਅਧਿਕਾਰੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰ ਅਤੇ ਆਹੁਦੇਦਾਰ ਸ਼ਾਮਲ ਹੋਏ।