ਕ੍ਰਿਕਟ ਟੂਰਨਾਂਮੈਂਟ: ਪੰਜਾਬ ਵੱਲੋਂ 72 ਦੌੜਾਂ ਨਾਲ ਜੇਤੂ ਸ਼ੁਰੂਆਤ
ਨੈਸ਼ਨਲ ਨਗੇਸ ਟਰਾਫੀ ਕ੍ਰਿਕਟ ਟੂਰਨਾਂਮੈਂਟ ਦੇ ਪਹਿਲੇ ਦਿਨ ਅਸਾਮ ਨੂੰ ਹਰਾਇਅਾ
ਪੀ ਏ ਯੂ ਦੇ ਖੇਡ ਮੈਦਾਨ ਵਿੱਚ ਅੱਜ ਨੇਤਰਹੀਣ ਖਿਡਾਰੀਆਂ ਦੇ ਸ਼ੁਰੂ ਹੋਏ ਨੈਸ਼ਨਲ ਨਗੇਸ ਟਰਾਫੀ ਕ੍ਰਿਕਟ ਟੂਰਨਾਂਮੈਂਟ ਦੇ ਪਹਿਲੇ ਦਿਨ ਪੰਜਾਬ ਦੀ ਟੀਮ ਨੇ ਆਸਾਮ ਨੂੰ 72 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਪੰਜਾਬ ਦੇ ਸੰਦੀਪ ਸਿੰਘ (ਬੀ ਵਨ) ਨੇ ਬੱਲੇਬਾਜ਼ੀ ਕਰਦਿਆਂ 38 ਦੌੜਾਂ ਬਣਾਈਆਂ ਜਦ ਕਿ ਗੇਦਬਾਜ਼ ਸੂਰਜ ਸਿੰਘ (ਬੀ ਟੂ) ਨੇ ਕੈਚ, ਰਨ ਆਊਟ ਕਰਨ ਤੋਂ ਇਲਾਵਾ ਦੋ ਵਿਕਟਾਂ ਲਈਆਂ। ਇਸ ਟੂਰਨਾਮੈਂਟ ਦਾ ਉਦਘਾਟਨ ਪੀ ਏ ਯੂ ਦੇ ਵਿਦਿਆਰਥੀ ਭਲਾਈ ਬੋਰਡ ਦੇ ਡਾਇਰੈਕਟਰ ਡਾ. ਨਿਰਮਲ ਜੌੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਨੇਤਰਹੀਣ ਖਿਡਾਂਰੀ ਸਾਡੀ ਨੌਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਹਨ, ਇਨ੍ਹਾਂ ਦਾ ਜ਼ੋਸ ਤੇ ਜ਼ਜਬਾ ਦੇਖ ਕੇ ਬਿਲਕੁਲ ਨਹੀਂ ਲਗਦਾ ਕਿ ਇਹ ਖਿਡਾਰੀ ਨੇਤਰਹੀਣ ਹੋਣਗੇ। ਇਸ ਮੌਕੇ ਕ੍ਰਿਕਟ ਐਸੋਸੀਏਸ਼ਨ ਆਫ ਦਾ ਬਲਾਈਂਡ ਇੰਡੀਆ (ਸੀ ਏ ਬੀ ਆਈ) ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਨੇ ਇਸ ਟੂਰਨਾਂਮੈਂਟ ਵਿੱਚ ਡਾ. ਜੌੜਾ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ।
ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਆਸਾਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰ ਦਾ ਫ਼ੈਸਲਾ ਲਿਆ ਜਦ ਕਿ ਪੰਜਾਬ ਨੇ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ ਤੇ 174 ਦੌੜਾਂ ਬਣਾਈਆਂ। ਇਸ ਦਾ ਪਿੱਛਾ ਕਰਦਿਆਂ ਆਸਾਮ ਦੀ ਟੀਮ 9 ਵਿਕਟਾਂ ਦੇ ਨੁਕਸਾਨ ’ਤੇ ਸਿਰਫ 102 ਦੌੜਾਂ ਹੀ ਬਣਾ ਸਕੀ ਤੇ ਪੰਜਾਬ 72 ਦੌੜਾਂ ਨਾਲ ਜੇਤੂ ਰਿਹਾ। ਪੰਜਾਬ ਦੇ ਬੱਲੇਬਾਜ਼ (ਬੀ ਥਰੀ) ਅਰਸ਼ਦੀਪ ਸਿੰਘ ਨੇ 25 ਅਤੇ ਰਿਤੇਸ ਨੇ 19 ਦੌੜਾਂ ਤੇ 2 ਵਿਕਟਾਂ ਅਤੇ (ਬੀ ਵਨ) ਅਮਨਦੀਪ ਸਿੰਘ ਨੇ 2 ਵਿਕਟਾਂ ਲਈਆਂ। ਆਸਾਮ ਟੀਮ ਵੱਲੋਂ ਗੇਂਦਬਾਜ਼ (ਬੀ ਟੂ) ਆਮਾਲੇਜੇ ਜੋਤੀ ਨੇ 25 ਦੌੜਾਂ ਅਤੇ 2 ਵਿਕਟਾਂ ਅਤੇ ਮਨਜੀਤ ਚੌਧਰੀ ਨੇ 22 ਦੌੜਾਂ ਤੇ 2 ਵਿਕਟਾਂ ਲਈਆਂ। ਦੂਜੇ ਮੈਚ ਵਿੱਚ ਤ੍ਰਿਪੁਰਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾਈਆ, ਜਿਸ ਦਾ ਪਿੱਛਾ ਕਰਦਿਆਂ ਛਤੀਸ਼ਗੜ੍ਹ ਦੇ ਗੇਂਦਬਾਜ਼ 120 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਏ। ਇਸ ਮੌਕੇ ਸੀ ਏ ਬੀ ਆਈ ਦੇ ਚੈਅਰਮੈਨ ਯੋਗੇਸ਼ ਤਨੇਜਾ , ਅੰਪਾਇਰ ਰਾਜੀਵ ਬਾਂਸਲ , ਨੇਤਰਹੀਣਾਂ ਦਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਜਰਨਲ ਸਕੱਤਰ ਵਿਵੇਕ ਮੌਂਗਾ ਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਪ੍ਰਧਾਨ ਇਕਬਾਲ ਸਿੰਘ ਜਮਾਲਪੁਰ, ਮੀਤ ਪ੍ਰਧਾਨ ਬਾਬਾ ਜਸਪ੍ਰੀਤ ਸਿੰਘ , ਮੀਡੀਆ ਇੰਚਾਰਜ ਪਰਮਿੰਦਰ ਫੁੱਲਾਂਵਾਲ, ਸ਼ਸ਼ੀ ਕਾਂਤ ਮੌਂਗਾ ਵਿਸ਼ੇਸ ਤੌਰ ’ਤੇ ਮੌਜ਼ੂਦ ਸਨ।

