ਸਿਰਜਣਧਾਰਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਪੰਜਾਬੀ ਭਵਨ ਦੇ ਡਾ. ਪਰਮਿੰਦਰ ਸਿੰਘ ਹਾਲ ਵਿੱਚ ਹੋਈ ਜਿਸ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋਫ਼ੈਸਰ ਰਵਿੰਦਰ ਭੱਠਲ, ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ ਜਗਰਾਉਂ ਤੋਂ ਨਾਮਵਰ ਸ਼ਾਇਰ ਭਗਵਾਨ ਢਿੱਲੋਂ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਜਸਵਿੰਦਰ ਭੱਲਾ, ਸਤੀਸ਼ ਗੁਲਾਟੀ ਦੇ ਦਾਮਾਦ ਅੰਮ੍ਰਿਤ ਪਾਲ ਤੇ ਹੜ੍ਹਾਂ ਕਾਰਨ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਡਾ. ਕੋਚਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਮਗਰੋਂ ‘ਪੁਸਤਕਾਂ ਪੜ੍ਹਨ ਦਾ ਮਹੱਤਵ’ ਵਿਸ਼ੇ ’ਤੇ ਵਿਚਾਰ-ਵਟਾਂਦਰਾ ਹੋਇਆ।
ਕਵੀ ਦਰਬਾਰ ਵਿੱਚ ਕਵੀਆਂ ਵੱਲੋਂ ਵੀ ਕੁਦਰਤ ਨਾਲ ਕੀਤੀ ਗਈ ਬੇਲੋੜੀ ਛੇੜ-ਛਾੜ ਅਤੇ ਕੁਦਰਤ ਦਾ ਕਹਿਰ ਆਦਿ ਨਾਲ ਜੁੜੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਕਵੀ ਦਰਬਾਰ ਵਿੱਚ ਲਖਵੀਰ ਸਿੰਘ ਲੱਬਾ ਨੇ ਤਰੁਨੰਮ ਵਿੱਚ "ਜ਼ਹਿਰਾਂ ਨੇ ਮੁਰਝਾ ਦਿੱਤੀ ਫੁੱਲਾਂ ਭਰੀ ਕਿਆਰੀ' ਰਾਹੀਂ ਕਵੀ ਦਰਬਾਰ ਦਾ ਖ਼ੂਬਸੂਰਤ ਆਗਾਜ਼ ਕੀਤਾ। ਜਗਪਾਲ ਜੱਗਾ ਜਮਾਲਪੁਰੀ ਨੇ ਆਪਣੇ ਪਿਤਾ ਦੀ ਰਚਨਾ 'ਭੇਟਾ ਇਸ ਅੰਮ੍ਰਿਤ ਦੀ ਮੈਂ ਤਾਂ ਵਾਰ ਦਿਆਂ ਪਰਿਵਾਰ' ਕਹਿ ਕੇ ਕਵੀ ਦਰਬਾਰ ਨੂੰ ਅੱਗੇ ਵਧਾਇਆ। ਨੇਤਰ ਸਿੰਘ ਮੁੱਤੋ ਨੇ ਆਪਣੀ ਰਚਨਾ 'ਕੁਦਰਤ ਦੇ ਨਾਲ ਇੱਕ-ਮਿਕ ਹੋ ਜਾ', ਸੁਰਜੀਤ ਸਿੰਘ ਜੀਤ ਨੇ ਵਾਤਾਵਰਨ ਦੀ ਸੰਭਾਲ ਬਾਰੇ ਖ਼ੂਬਸੂਰਤ ਰਚਨਾ ਪੇਸ਼ ਕੀਤੀ। ਗੁਰਵਿੰਦਰ ਸਿੰਘ ਕੰਵਰ ਨੇ 'ਮੇਰੇ ਲਈ ਬਣੀ ਜੋ ਸਲੀਬ ਤੋੜ ਕੇ ਨ ਜਾਵੀਂ, ਮੈਨੂੰ ਮੇਰੀ ਰੂਹ ਤੋਂ ਵਿਛੋੜ ਕੇ ਨ ਜਾਵੀਂ ਸੁਣਾ ਕੇ ਵਾਹ ਵਾਹ ਖੱਟੀ।
ਇਸ ਮੌਕੇ ਰਵਿੰਦਰ ਭੱਠਲ ਨੇ ਅਜੋਕੇ ਹਾਲਾਤ ਕਿਉਂ ਬਣੇ ਹਨ, ਨੂੰ ਬਹੁਤ ਹੀ ਖ਼ੂਬਸੂਰਤ ਕਵਿਤਾ ਰਾਹੀਂ ਪੇਸ਼ ਕੀਤਾ। ਡਾ਼ ਗੁਰਇਕਬਾਲ ਨੇ ਜੰਗ ਅਤੇ ਵਾਤਾਵਰਨ ਨਾਲ ਜੁੜੀਆਂ ਛੋਟੀਆਂ ਛੋਟੀਆਂ ਦੋ ਰਚਨਾਵਾਂ ਸੁਣਾਈਆਂ ਜਦਕਿ ਪ੍ਰਿੰ. ਇੰਦਰਜੀਤਪਾਲ ਕੌਰ ਨੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਚਾਨਣਾ ਪਾਇਆ।ਮੰਚ ਸੰਚਾਲਨ ਕਰਦਿਆਂ ਇੰਦਰਜੀਤ ਲੋਟੇ ਨੇ ਡਾ. ਜਸਵਿੰਦਰ ਭੱਲਾ ਦੀ ਯਾਦ ਨਾਲ ਜੁੜੀ ਇੱਕ ਰਚਨਾ ਪੇਸ਼ ਕੀਤੀ। ਡਾ.ਗੁਰਚਰਨ ਕੌਰ ਕੋਚਰ ਨੇ ਆਪਣੀ ਰਚਨਾ 'ਸਾਉਣ ਮਹੀਨਾ ਸੁੱਕਾ, ਭਾਦੋਂ ਹੜ੍ਹ ਆਵਣ, ਧਰਤੀ ਨਾਲ ਨਾ ਰੁੱਤਾਂ ਦਾ ਸੁਰ ਤਾਲ ਰਿਹਾ' ਸੁਣਾਉਣ ਤੋਂ ਬਾਅਦ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਅਤੇ ਕਵੀ ਸਾਹਿਬਾਨਾਂ ਦਾ ਧੰਨਵਾਦ ਕੀਤਾ।