ਸਮਾਰਟ ਸਕੂਲ ਮੋਤੀ ਨਗਰ ’ਚ ਕਰਾਫਟ ਮੇਲਾ ਲੱਗਾ
ਵਿਦਿਆਰਥੀਆਂ ਨੇ ਪੁਰਾਣੇ ਸਾਮਾਨ ਤੋਂ ਚੀਜ਼ਾਂ ਤਿਆਰ ਕਰਕੇ ਹੁਨਰ ਦਾ ਪ੍ਰਦਰਸ਼ਨ ਕੀਤਾ
ਸਥਾਨਕ ਸਮਾਰਟ ਸਕੂਲ ਮੋਤੀ ਨਗਰ ਵਿੱਚ ‘ਵੇਸਟ ਟੂ ਬੈਸਟ ਮਟੀਰੀਅਲ’ ਵਿਸ਼ੇ ’ਤੇ ਕਰਵਾਏ ਕਰਾਫਟ ਮੇਲੇ ਵਿੱਚ ਕਲਾ ਦੇ ਕਈ ਰੰਗ ਦੇਖਣ ਨੂੰ ਮਿਲੇ। ਇਸ ਮੇਲੇ ਵਿੱਚ ਡੀ ਸੀ ਐੱਮ ਪ੍ਰੈਜੀਡੈਂਸੀ ਸਕੂਲ ਦੇ ਬੱਚਿਆਂ ਨੇ ਐਕਸਚੇਂਜ ਪ੍ਰੋਗਰਾਮ ਤਹਿਤ ਸ਼ਿਰਕਤ ਕੀਤੀ। ਸਕੂਲ ਮੁਖੀ ਸੁਖਧੀਰ ਸਿੰਘ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਲਾਏ ਗਏ ਇਸ ਮੇਲੇ ਵਿੱਚ ਡੀ ਸੀ ਐੱਮ ਸਕੂਲ ਦੇ ਬੱਚਿਆਂ ਸਣੇ ਪ੍ਰਿੰਸੀਪਲ ਰਜਨੀ ਕਾਲੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ੍ਰੀ ਸੇਖੋਂ ਨੇ ਦੱਸਿਆ ਕਿ ਇਸ ਕਰਾਫਟ ਮੇਲੇ ਵਿੱਚ 400 ਦੇ ਕਰੀਬ ਵਿਦਿਆਰਥੀਆਂ ਨੇ ਪੁਰਾਣੇ ਸਾਮਾਨ ਤੋਂ ਸੋਹਣੀਆਂ ਚੀਜ਼ਾਂ ਤਿਆਰ ਕਰਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਟੇਜ ’ਤੇ ਵੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਰਾਹੀਂ ਹਾਜ਼ਰੀਨ ਦਾ ਚੰਗਾ ਮਨੋਰੰਜਨ ਕੀਤਾ ਗਿਆ। ਇਸ ਮੇਲੇ ਦਾ ਉਦਘਾਟਨ ਨਗਰ ਨਿਗਮ ਦੇ ਜ਼ੋਨ-ਡੀ ਦੇ ਕਮਿਸ਼ਨਰ ਜਸਦੇਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦਕਿ ਕੌਂਸਲਰ ਨਿਧੀ ਗੁਪਤਾ ਅਤੇ ਕੌਂਸਲਰ ਅਮਰਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਦਿਆਂ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ 40 ਤੋਂ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਧੀਆ ਕੰਮ ਲਈ ਸਨਮਾਨਿਤ ਕੀਤਾ। ਇਸ ਕਰਾਫਟ ਮੇਲੇ ਵਿੱਚ ਜਸਨੂਰ ਨਾਂ ਦੇ ਵਿਦਿਆਰਥੀ ਵੱਲੋਂ ਮੇਲਾ ਗਰਾਊਂਡ ਦਾ ਮਾਡਲ, ਝੂਲੇ, ਸੋਨੀਆ, ਵਿਵੇਕ ਅਤੇ ਹੋਰ ਕਈ ਵਿਦਿਆਰਥੀਆਂ ਵੱਲੋਂ ਘਰਾਂ ਦੇ ਵੱਖ ਵੱਖ ਸੋਹਣੇ ਮਾਡਲ, ਸਿਮਰਨ ਵੱਲੋਂ ਫੁੱਲ, ਅਜੂਨੀ ਵੱਲੋਂ ਕਲਾਕ ਟਾਵਰ, ਸਕੂਲ ਅਤੇ ਸ਼ਹਿਰ ਦਾ ਮਾਡਲ, ਪਰੀ ਵੱਲੋਂ ਪ੍ਰਦੂਸ਼ਣ ਫੈਲਾਉਂਦੀਆਂ ਫੈਕਟਰੀਆਂ ਦਾ ਮਾਡਲ, ਸਾਹਿਲ ਵਲੋਂ ਕੈਨਵਸ ’ਤੇ ਕੀਤੀ ਪੇਂਟਿੰਗ, ਪ੍ਰਿਆ ਵੱਲੋਂ ਦੀਵਿਆਂ ਦੀ ਸਜਾਵਟ ਜਦਕਿ ਆਯੂਸ਼ ਵੱਲੋਂ ਗ੍ਰਹਿਆਂ ਦਾ ਮਾਡਲ ਤਿਆਰ ਕੀਤਾ। ਡੀ ਸੀ ਐੱਮ ਸਕੂਲ ਦੀ ਪ੍ਰਿੰਸੀਪਲ ਰਜਨੀ ਕਾਲੜਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਮੇਲੇ ਦਾ ਦੌਰਾ ਕੀਤਾ ਅਤੇ ਐਕਸਚੇਂਜ ਪ੍ਰੋਗਰਾਮ ਤਹਿਤ ਸਕੂਲ ਦੇ ਬੱਚਿਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ। ਸਮਾਗਮ ਦੌਰਾਨ ਸਮਾਰਟ ਸਕੂਲ ਮੋਤੀ ਨਗਰ ਅਤੇ ਡੀ ਸੀ ਐੱਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਾਦੂਗਰ ਮੋਗੈਂਬੋ ਵੱਲੋਂ ਕਈ ਰੌਚਕ ਪੇਸ਼ਕਾਰੀਆਂ ਨਾਲ ਸਾਰਿਆਂ ਦਾ ਮਨੋਰੰਜਨ ਕੀਤਾ।

