ਤਾਲਮੇਲ ਸੰਘਰਸ਼ ਕਮੇਟੀ ਤੇ ਕਿਸਾਨ ਜਥੇਬੰਦੀਆਂ ਦੀ ਡੀਸੀ ਨਾਲ ਮੁਲਾਕਾਤ
ਤਾਲਮੇਲ ਸੰਘਰਸ਼ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਨੇ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਮੁਲਾਕਾਤ ਕਰਕੇ ਪ੍ਰਸ਼ਾਸਨ ਵੱਲੋਂ ਬਾਇਓ ਗੈਸ ਪਲਾਂਟਾਂ ਦਾ ਕੰਮ ਮੁੜ ਸ਼ੁਰੂ ਕਰਨ ਸਬੰਧੀ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕੀਤਾ।
ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ 30 ਜੁਲਾਈ 2025 ਨੂੰ ਦੋਹਾਂ ਧਿਰਾਂ ਦੇ ਮਾਹਿਰਾਂ ਦੀ ਹੋਈ ਸਾਂਝੀ ਮੀਟਿੰਗ ਦੇ ਪ੍ਰਸ਼ਾਸਨ ਵੱਲੋਂ ਇੱਕਪਾਸੜ ਮਿਨਟਸ ਜਾਰੀ ਕਰਕੇ ਜਨਤਕ ਦਲੀਲਾਂ ਨੂੰ ਪੂਰੀ ਤਰਾਂ ਮਨਮਾਨੇ ਢੰਗ ਨਾਲ ਰੱਦ ਕਰਕੇ ਮੁਸ਼ਕਾਬਾਦ ਸਮੇਤ ਸਾਰੇ ਬਾਇਓ ਗੈਸ ਪਲਾਂਟਾਂ ਦੇ ਸੰਘਰਸ਼ਸ਼ੀਲ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਇਸ ਸਬੰਧੀ ਵੀ ਵਿਸਥਾਰਤ ਚਰਚਾ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸਮਰਾਲਾ ਨੇੜਲੇ ਪਿੰਡ ਮੁਸ਼ਕਾਬਾਦ ਵਿੱਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੀ ਬੰਦ ਪਈ ਉਸਾਰੀ ਮੁੜ ਚਾਲੂ ਕਰਵਾਉਣ ਖ਼ਿਲਾਫ਼ 30 ਅਗਸਤ ਦਿਨ ਸ਼ਨੀਵਾਰ ਨੂੰ ਐਸਡੀਐਮ ਦਫ਼ਤਰ ਸਮਰਾਲਾ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਡਾਰਕ ਜੋਨ ਐਲਾਨੇ ਇਲਾਕਿਆਂ ਵਿੱਚ ਲਗਾਏ ਜਾ ਰਹੇ ਇਹ ਪਲਾਂਟ ਜਿੱਥੇ ਬੰਜਰ ਹੋ ਰਹੇ ਇਲਾਕਿਆ ਨੂੰ ਜਲਰਹਿਤ ਬਣਾ ਕੇ ਪਿਆਸਾ ਮਾਰਨ ਦੀ ਸਾਜਿਸ਼ ਹੈ ਉਥੇ ਇਨ੍ਹਾਂ ਪਲਾਂਟਾਂ ਚੋਂ ਨਿਕਲ ਰਿਹਾ ਰਹਿੰਦ ਖੁਹੰਦ ਧਰਤੀ ਵਿੱਚ ਜਾ ਕੇ ਪ੍ਰਦੂਸ਼ਣ ਅਤੇ ਬੀਮਾਰੀਆਂ ਫੈਲਾਏਗੀ। ਉਨ੍ਹਾਂ ਦੱਸਿਆ ਕਿ ਧੱਕੇ ਤੇ ਜਬਰ ਨਾਲ ਪ੍ਰਸ਼ਾਸਨ ਵੱਲੋਂ ਇਹ ਪਲਾਂਟ ਕਿਸੇ ਵੀ ਹਾਲਤ ਵਿੱਚ ਨਹੀ ਚੱਲਣ ਦਿੱਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ 24 ਅਗਸਤ ਦੀ ਮਹਾਪੰਚਾਇਤ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਵੱਲੋਂ ਕਿਸੇ ਵੀ ਤਰ੍ਹਾਂ ਦੇ ਧੱਕੇ ਤੇ ਜ਼ਬਰ ਦਾ ਟਾਕਰਾ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਇਸ ਸਮੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਵੰਤ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੁਖਵਿੰਦਰ ਸਿੰਘ ਹੰਬੜਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮਨਜੀਤ ਸਿੰਘ ਢੀਂਡਸਾ, ਹਰਦੀਪ ਸਿੰਘ ਭਰਥਲਾ, ਲਖਵਿੰਦਰ ਸਿੰਘ ਭੱਟੀਆਂ, ਜਮਹੂਰੀ ਕਿਸਾਨ ਸ਼ਭਾ ਵੱਲੋਂ ਤਾਲਮੇਲ ਕਮੇਟੀ ਵੱਲੋਂ ਕੰਵਲਜੀਤ ਖੰਨਾ ਸਮੇਤ ਕਈ ਆਗੂ ਹਾਜ਼ਰ ਸਨ।