ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਪਾੜ੍ਹਿਆਂ ਤੋਂ ਸਹਿਯੋਗ ਮੰਗਿਆ
ਮੇਅਰ ਨੇ ਯੂਨੀਰਸਿਟੀ ਵਿੱਚ ‘ਮੇਰਾ ਕੂਡ਼ਾ, ਮੇਰੀ ਜ਼ਿੰਮੇਵਾਰੀ’ ਮੁਹਿੰਮ ਦੀ ਅਗਵਾਈ ਕੀਤੀ
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਅੱਜ ਸੀਟੀ ਯੂਨੀਵਰਸਿਟੀ ਕੈਂਪ ਵਿੱਚ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਮੁਹਿੰਮ ‘ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ’ ਦੀ ਅਗਵਾਈ ਕੀਤੀ। ਇਸ ਦੌਰਾਨ ਮੇਅਰ ਨੇ ਕਿਹਾ ਕਿ ਇਸ ਮੈਗਾ ਮੁਹਿੰਮ ਵਿੱਚ ਵਿਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਸਮਾਗਮ ਕੀਤੇ ਜਾ ਰਹੇ ਹਨ ਅਤੇ ਇਸ ਉਦੇਸ਼ ਸਮਾਜ ਦੇ ਮੂਲ ਪੱਧਰ ’ਤੇ ਕੂੜਾ ਪ੍ਰਬੰਧਨ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ। ਸੀਟੀ ਯੂਨੀਵਰਸਿਟੀ ਵਿੱਚ ਵੱਡੀ ਗਿਣਤੀ ਸ਼ਹਿਰ ਦੇ ਵਿਦਿਆਰਥੀ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੂੜਾ ਪ੍ਰਬੰਧਨ ਵਿੱਚ ਸਹਿਯੋਗ ਕਰਨ ਅਤੇ ਆਪਣੇ ਆਂਢ-ਗੁਆਂਢ ਵਿੱਚ ਦੂਜਿਆਂ ਵਿੱਚ ਜਾਗਰੂਕ ਕੀਤਾ ਜਾਵੇ। ਜਾਗਰੂਕਤਾ ਸਮਾਗਮ ਦੌਰਾਨ ਨੁੱਕੜ ਨਾਟਕ ਤੇ ਹੋਰ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਵਿਦਿਆਰਥੀਆਂ ਨੂੰ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖਰਾ ਕਰਨ, ਜੈਵਿਕ ਖਾਦ ਬਣਾਉਣ, ਕੂੜੇ ਨੂੰ ਰੀਸਾਈਕਲਿੰਗ ਆਦਿ ਵਰਗੀਆਂ ਵੱਖ-ਵੱਖ ਕੂੜਾ ਪ੍ਰਬੰਧਨ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਮੇਅਰ ਇੰਦਰਜੀਤ ਕੌਰ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਕਈ ਵਿਦਿਆਰਥੀਆਂ ਨੂੰ ‘ਸਵੱਛਤਾ ਚੈਂਪੀਅਨਾਂ’ ਵਜੋਂ ਨਾਮਜ਼ਦ ਕੀਤਾ ਗਿਆ ਤਾਂ ਜੋ ਉਹ ਵੱਡੇ ਪੱਧਰ ’ਤੇ ਕੂੜਾ ਪ੍ਰਬੰਧਨ ਬਾਰੇ ਪ੍ਰਚਾਰ ਕਰ ਸਕਣ। ਭਾਗੀਦਾਰਾਂ ਨੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦਾ ਅਹਿਦ ਲਿਆ। ਮੇਅਰ ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮਾਂ ਤੇ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਉਦੇਸ਼ ਸ਼ਹਿਰ ਨੂੰ ਕੂੜਾ ਮੁਕਤ ਕਰਨਾ ਹੈ। ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਬਾਰੇ ਆਪਣੇ ਮਾਪਿਆਂ ਅਤੇ ਗੁਆਂਢੀਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਇਸ ਮੌਕੇ ਸੀ ਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ, ਪ੍ਰੋਫੈਸਰ ਚਾਂਸਲਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਪ੍ਰੋ. ਵਾਈਸ ਚਾਂਸਲਰ, ਡਾ. ਸਿਮਰਨ ਗਿੱਲ, ਰਜਿਸਟਰਾਰ ਸੰਜੇ ਖੰਡੂਰੀ ਸਣੇ ਯੂਨੀਵਰਸਿਟੀ ਦੇ ਹੋਰ ਮੈਂਬਰਾਂ ਨੇ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ। ਨਗਰ ਨਿਗਮ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਕੌਂਸਲਰ ਇੰਦੂ ਮੁਨੀਸ਼ ਸ਼ਾਹ ਸਮੇਤ ਨਗਰ ਨਿਗਮ ਦੀ ਸਿਹਤ ਸ਼ਾਖਾ ਦੇ ਹੋਰ ਮੈਂਬਰਾਂ ਵੀ ਹਾਜ਼ਰ ਸਨ।

