ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਜੁਲਾਈ
ਚਰਚਿਤ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਕਾਂਗਰਸ ਵੱਲੋਂ 14 ਜੁਲਾਈ ਨੂੰ ਲੁਧਿਆਣਾ ਗਲਾਡਾ ਦਫ਼ਤਰ ਵਿੱਚ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਲਈ ਕਾਂਗਰਸ ਪਾਰਟੀ ਦੀ ਮੀਟਿੰਗ ਅੱਜ ਇਥੇ ਹੋਈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਉਚੇਚੇ ਤੌਰ ’ਤੇ ਮੀਟਿੰਗ ਵਿੱਚ ਪੁੱਜੇ ਤੇ ਉਨ੍ਹਾਂ ਧਰਨੇ ਲਈ ਵਰਕਰਾਂ ਨੂੰ ਲਾਮਬੰਦ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਲੱਗਣ ਵਾਲੇ ਇਸ ਧਰਨੇ ਵਿੱਚ ਕਾਂਗਰਸ ਮਿਸਾਲੀ ਇਕੱਠ ਕਰੇਗੀ। ਇਸ ਮੁੱਦੇ ’ਤੇ ਕਾਂਗਰਸ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹੀ ਹੈ। ਕਿਸੇ ਵੀ ਇਕ ਦੀ ਇਕ ਏਕੜ ਜ਼ਮੀਨ ਵੀ ਧੱਕੇ ਨਾਲ ਐਕੁਆਇਰ ਨਹੀਂ ਹੋਣ ਦਿੱਤੀ ਜਾਵੇਗੀ। ਇਹ ਸੰਘਰਸ਼ ਓਨੀ ਦੇਰ ਤਕ ਜਾਰੀ ਰਹੇਗਾ ਜਿੰਨੀ ਦੇਰ ਲੈਂਡ ਪੂਲਿੰਗ ਨੀਤੀ ਰੱਦ ਨਹੀਂ ਹੁੰਦੀ। ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਜਗਰਾਉਂ ਹਲਕੇ ਵਿੱਚੋਂ ਵੱਡੇ ਕਾਫ਼ਲੇ ਨਾਲ ਧਰਨੇ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਗਰਾਉਂ ਹਲਕੇ ਨੇ ਹਮੇਸ਼ਾ ਕਾਂਗਰਸ ਦੇ ਹਰੇਕ ਸੰਘਰਸ਼ ਵਿੱਚ ਡਟਵਾਂ ਸਾਥ ਦਿੱਤਾ ਹੈ ਤੇ 14 ਜੁਲਾਈ ਵਾਲੇ ਧਰਨੇ ਵਿੱਚ ਵੀ ਜਗਰਾਉਂ ਦੇ ਸਾਰੇ ਕਾਂਗਰਸੀ ਵਰਕਰ ਆਮ ਲੋਕਾਂ ਦੇ ਨਾਲ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ। ਕਾਂਗਰਸੀ ਆਗੂਆਂ ਨੇ ਲੈਂਡ ਪੂਲਿੰਗ ਨੀਤੀ ਕਿਸਾਨਾਂ ਤੇ ਪੰਜਾਬ ਲਈ ਘਾਤਕ ਕਰਾਰ ਦਿੱਤੀ। ਇਸ ਨਾਲ ਸੈਂਕੜੇ ਕਿਸਾਨ ਬੇਰੁਜ਼ਗਾਰ ਹੋਣਗੇ। ਖੇਤੀ ਪ੍ਰਧਾਨ ਸੂਬਾ ਵੀ ਡਾਵਾਂਡੋਲ ਹੋ ਜਾਵੇਗਾ। ਇਸ ਲਈ ਨੀਤੀ ਕਰਕੇ ਭਵਿੱਖ ਦੇ ਮਾੜੇ ਅਸਰਾਂ ਦੇ ਮੱਦੇਨਜ਼ਰ ਇਹ ਨੀਤੀ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ।
ਸਾਬਕਾ ਮੰਤਰੀ ਕੋਟਲੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਕੇਂਦਰ ਸਰਕਾਰ ਅਤੇ ਆਪਣੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਦੀ ਮਿਲੀਭੂਗਤ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਹੈ। ਸਾਬਕਾ ਵਿਧਾਇਕ ਜਗਤਾਰ ਹਿੱਸੋਵਾਲ ਨੇ ਕਿਹਾ ਕਿ ਜਗਰਾਉਂ ਦੇ ਚਾਰ ਪਿੰਡਾਂ ਦੀ 500 ਤੋਂ ਵੱਧ ਏਕੜ ਜ਼ਮੀਨ ਵੀ ਸਰਕਾਰ ਵਲੋਂ ਧੱਕੇ ਨਾਲ ਖੋਹੀ ਜਾ ਰਹੀ ਹੈ। ਇਸ ਮੌਕੇ ਕਰਨਜੀਤ ਸਿੰਘ ਸੋਨੀ ਗਾਲਿਬ, ਰਜੇਸ਼ਇੰਦਰ ਸਿੱਧੂ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਗੋਪਾਲ ਸ਼ਰਮਾ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਪ੍ਰਸ਼ੋਤਮ ਖਲੀਫਾ, ਕੁਲਵੰਤ ਸਿੰਘ ਡਾਗੀਆਂ, ਸਵਰਨ ਸਿੰਘ ਭੁੱਲਰ, ਸਰਪੰਚ ਹਰਦੀਪ ਸਿੰਘ ਅਲੀਗੜ੍ਹ, ਕੌਂਸਲਰ ਬੌਬੀ ਕਪੂਰ, ਜਰਨੈਲ ਸਿੰਘ ਲੋਹਟ, ਹਿਮਾਂਸ਼ੂ ਮਲਿਕ, ਰਾਜੂ ਠੁਕਰਾਲ, ਮਨਜਿੰਦਰ ਸਿੰਘ ਡੱਲਾ, ਰੌਕੀ ਗੋਇਲ, ਸੰਨੀ ਕੱਕੜ, ਬਲਵੀਰ ਸਿੰਘ ਮਲਕ, ਸਤਿੰਦਰਜੀਤ ਤਤਲਾ, ਜੱਸੀ ਹਰਦੀਪ, ਵਰਿੰਦਰ ਕਲੇਰ, ਡਾ. ਇਕਬਾਲ ਧਾਲੀਵਾਲ ਹਾਜ਼ਰ ਸਨ।