ਸਿਵਲ ਸਰਜਨ ਦਫ਼ਤਰ ਦੀ ਗਿੱਠ ਜ਼ਮੀਨ ਵੀ ਵੇਚਣ ਨਹੀਂ ਦੇਵੇਗੀ ਕਾਂਗਰਸ: ਬੈਂਸ
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਆਪਣੇ ਖਰਚੇ ਪੂਰੇ ਕਰਨ ਲਈ ਪੰਜਾਬ ਭਰ ਵਿੱਚ ਪਈਆਂ ਸਰਕਾਰੀ ਜ਼ਮੀਨਾਂ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਕਾਂਗਰਸ ਇਸ ਮਨਸੂਬੇ ਹਰਗਿਜ਼ ਸਫ਼ਲ ਨਹੀਂ ਹੋਣ ਦੇਵੇਗੀ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਕਰਜ਼ੇ ਚੁੱਕ ਰਹੀ ਹੈ। ਸਰਕਾਰ ਨੂੰ ਜਦੋਂ ਸਾਰੇ ਪਾਸੇ ਤੋਂ ਕਰਜ਼ੇ ਮਿਲਣੇ ਬੰਦ ਹੋ ਗਏ ਹਨ ਤਾਂ ਉਹ ਸ਼ਹਿਰ ਵਿੱਚ ਪੁਰਾਣੀ ਕਚਹਿਰੀ ਨੇੜੇ ਲਗਭਗ ਢਾਈ ਸੌ ਸਾਲ ਪੁਰਾਣੀ ਇਮਾਰਤ ਵਿੱਚ ਚੱਲ ਰਹੇ ਸਿਵਲ ਸਰਜਨ ਦਫ਼ਤਰ ਦੀ ਕਰੀਬ ਦੋ ਏਕੜ ਜ਼ਮੀਨ ਗਲਾਡਾ ਰਾਹੀਂ ਕੌਡੀਆਂ ਦੇ ਭਾਅ ਵੇਚਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਨੂੰ ਇਸ ਜ਼ਮੀਨ ਵਿੱਚੋਂ ਇੱਕ ਗਿੱਠ ਵੀ ਜ਼ਮੀਨ ਵੇਚਣ ਨਹੀਂ ਦੇਵੇਗੀ। ਸ੍ਰੀ ਬੈਂਸ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿੱਚ ਵੀ ਸਰਕਾਰੀ ਜ਼ਮੀਨਾਂ ਵੇਚਕੇ ਸਰਕਾਰੀ ਖਜ਼ਾਨਾ ਭਰਿਆ ਗਿਆ ਸੀ ਅਤੇ ਹੁਣ ਮੌਜੂਦਾ ਸਰਕਾਰ ਵੀ ਉਸੇ ਰਾਹ ਤੁਰ ਪਈ ਹੈ।
ਇਸ ਮੌਕੇ ਸ੍ਰੀ ਬੈਂਸ ਨੇ ਦੱਸਿਆ ਕਿ ਕਾਂਗਰਸ, ਸਰਕਾਰ ਨੂੰ ਕਿਸੇ ਵੀ ਕੀਮਤ ’ਤੇ ਸਰਕਾਰੀ ਜ਼ਮੀਨਾਂ ਵੇਚਣ ਨਹੀਂ ਦੇਵੇਗੀ ਅਤੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਸੰਘਰਸ਼ ਵਿੱਢ ਕੇ ਸਰਕਾਰ ਦੀ ਸਾਜ਼ਿਸ਼ ਨੂੰ ਬੇਨਕਾਬ ਕਰੇਗੀ।